December 26, 2011 admin

ਰਾਜਸੀ ਪਾਰਟੀਆਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਉਡਣ ਦਸਤਿਆਂ ਦਾ ਗਠਨ- ਜ਼ਿਲਾ ਚੋਣ ਅਫ਼ਸਰ

ਫਿਰੋਜ਼ਪੁਰ 26 ਦਸੰਬਰ 2011- ਪੰਜਾਬ ਵਿੱਚ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਸੀ ਪਾਰਟੀਆਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਉਡਣ ਦਸਤਿਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਪੁਲਿਸ ਪਾਰਟੀਆਂ ਵੀ ਸ਼ਾਮਲ ਹੋਣਗੀਆਂ ਜੋ ਕਿ ਚੋਣਾਂ ਵਿੱਚ ਗਲਤ ਹੱਥਕੰਡੇ ਅਪਨਾਉਣ ਵਾਲਿਆਂ ਵਿਰੁੱਧ ਸਖਤ ਕਾਨੂਨੀ ਕਾਰਵਾਈ ਕਰਨਗੀਆਂ। ਇਸ ਸਬੰਧੀ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਡਾ.ਐਸ.ਕੇ.ਰਾਜੂ ਨੇ ਚੋਣਾਂ ਨਾਲ ਸਬੰਧਤ ਸ੍ਰੀਮਤੀ ਰਤਿੰਦਰ ਕੌਰ ਤਹਿਸੀਲਦਾਰ ਚੋਣਾਂ ਅਤੇ ਵੀਡੀਓ ਨਿਗਰਾਨ ਟੀਮਾਂ  ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਡਾ.ਐਸ.ਕੇ.ਰਾਜੂ ਨੇ ਜ਼ਿਲੇ ਵਿੱਚ ਗਠਿਤ ਕੀਤੀਆਂ ਗਈਆਂ ਵੀਡੀਓ ਨਿਗਰਾਨ ਟੀਮਾਂ, ਵੀਡੀਓ ਦੇਖਣ ਵਾਲੀਆਂ ਟੀਮਾਂ, ਅਕਾਊਂਟਿੰਗ ਟੀਮਾਂ, ਉਡਣ ਦਸਤੇ ਅਤੇ ਨਾਕਿਆਂ ‘ਤੇ ਨਿਗਰਾਨੀ ਕਰਨ ਵਾਲੀਆਂ ਟੀਮਾਂ ਨੂੰ ਤੁਰੰਤ ਹਰਕਤ ਵਿੱਚ ਅਉਣ ਦੇ ਆਦੇਸ਼ ਦਿੱਤੇ।  ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੀ ਮਿਤੀ ਦੇ ਐਲਾਨ ਨਾਲ ਹੀ ਇਹ ਟੀਮਾਂ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਸਤੇ ਹਰਕਤ ਵਿੱਚ ਆ ਗਈਆਂ ਹਨ।ਜ਼ਿਲਾ ਚੋਣ ਅਫਸਰ ਨੇ ਸਖਤੀ ਨਾਲ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਜਾ ਅਰਧ ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਨਹੀਂ ਕਰਨ ਦਿਤੀ ਜਾਵੇਗੀ।ਉਨ•ਾਂ ਕਿਹਾ ਕਿ ਖਾਸ ਕਰ ਮਾਰਕਿਟ ਕਮੇਟੀਆਂ, ਨਗਰ ਕੌਸਲ, ਜ਼ਿਲ•ਾ ਪ੍ਰੀਸ਼ਦ ਜਾਂ ਹੋਰਨਾ ਅਜਿਹੇ ਅਦਾਰਿਆਂ ਦੀ ਦੁਰਵਰਤੋ ਕਰਦਾ ਜੇਕਰ ਕੋਈ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਡਣ ਦਸਤੇ ਸਬੰਧਤ ਚੋਣਕਾਰ ਅਫ਼ਸਰ ਜਾਂ ਕਾਲ ਸੈਂਟਰ ਤੋਂ ਕੋਈ ਸ਼ਿਕਾਇਤ ਪ੍ਰਾਪਤ ਹੋਣ ਦੀ ਸੂਰਤ ਵਿੱਚ ਤੁਰੰਤ ਸਬੰਧਤ ਸਥਾਨ ‘ਤੇ ਪੁੱਜ ਕੇ ਵੀਡੀਓਗ੍ਰਾਫੀ ਕਰਵਾਉਣਗੇ ਅਤੇ ਬਣਦੀ ਕਾਰਵਾਈ ਕਰਨ ਲਈ ਉਸ ਦੀ ਸੀ.ਡੀ. ਸਬੰਧਤ ਚੋਣਕਾਰ ਅਫ਼ਸਰਾਂ ਅਤੇ ਐਸ. ਐਸ. ਪੀ. ਨੂੰ ਦੇਣਗੇ।
ਉਨਾਂ ਦੱਸਿਆ ਕਿ ਵੀਡੀਓ ਨਿਗਰਾਨ ਟੀਮਾਂ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਾਰੇ ਉਮੀਦਵਾਰਾਂ ਦੀਆਂ ਗਤੀਵਿਧੀਆਂ, ਕਾਨਫਰੰਸਾਂ ਅਤੇ ਮੀਟਿੰਗਾਂ ਦੀ ਵੀਡੀਓਗ੍ਰਾਫੀ ਕਰਵਾਉਣੀ ਯਕੀਨੀ ਬਣਾਈ ਜਾਵੇਗੀ ਅਤੇ ਹਰੇਕ ਉਮੀਦਵਾਰ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਕਿਸੇ ਵੀ ਕਾਨਫਰੰਸ ਜਾਂ ਮੀਟਿੰਗ ਤੋਂ ਪਹਿਲਾਂ ਸਬੰਧਤ ਰਿਟਰਨਿੰਗ ਅਫ਼ਸਰ ਤੋਂ ਪ੍ਰਵਾਨਗੀ ਲੈਣਗੇ। ਜ਼ਿਲਾ ਚੋਣ ਅਫਸਰ ਨੇ ਜ਼ਿਲੇ ਦੇ ਸਮੂਹ ਚੋਣਕਾਰ ਅਫਸਰਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਰਾਜਸੀ ਪਾਰਟੀ ਚੋਣਾਂ ਸਬੰਧੀ ਕੋਈ ਰੈਲੀ ਜਾਂ ਸਮਾਗਮ ਕਰਵਾਉਂਦੀ ਹੈ ਤਾਂ ਉਸ ਦੀ ਪੂਰੀ ਵੀਡੀਓਗ੍ਰਾਫੀ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਗਲਤ ਸ਼ਬਦਾਵਲੀ ਵਰਤਣ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Translate »