September 30, 2011 admin

ਕੁਸ਼ਟ ਰੋਗ ਦਾ 100 ਫੀਸਦੀ ਇਲਾਜ ਸੰਭਵ- ਡਾ: ਦਲੀਪ ਕੁਮਾਰ

– ਕੁਸ਼ਟ ਨਿਵਾਰਨ ਦਿਵਸ ਸਬੰਧੀ ਰੈਲੀ ਕੱਢੀ

ਲੁਧਿਆਣਾ –  ਲੋਕਾਂ ਨੂੰ ਕੋਹੜ (ਕੁਸ਼ਟ) ਰੋਗ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਹਰ ਸਾਲ 2 ਅਕਤੂਬਰ ਨੂੰ ਮਨਾਏ ਜਾਂਦੇ ‘ਕੁਸ਼ਟ ਨਿਵਾਰਨ ਦਿਵਸ’ ਸਬੰਧੀ ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਵੱਲੋ ਸਿਵਲ ਹਸਪਤਾਲ ਵਿਖੇ ਇੱਕ ਰੈਲੀ ਦਾ ਪ੍ਰਬੰਧ ਕੀਤਾ ਗਿਆ। ਇਸ ਰੈਲੀ ਨੂੰ ਸਿਵਲ ਸਰਜਨ ਡਾ: ਦਲੀਪ ਕੁਮਾਰ ਵੱਲੋ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
               ਜ਼ਿਆਦਾ ਜਾਣਕਾਰੀ ਦਿੰਦਿਆਂ ਡਾ: ਦਲੀਪ ਕੁਮਾਰ ਨੇ ਦੱਸਿਆ ਕਿ ਕੁਸ਼ਟ ਰੋਗ ਮਾਈਕੋ ਬੈਕਟੀਰੀਆ ਲੈਪਰੀ ਨਾਂ ਦੇ ਰੋਗਾਣੂ ਨਾਲ ਫੈਲਣ ਵਾਲਾ ਰੋਗ ਹੈ ਨਾ ਕਿ ਕੋਈ ਸਰਾਪ ਹੈ।ਐਮ.ਡੀ.ਟੀ. ਦਵਾਈਆਂ ਨਾਲ ਇਲਾਜ ਕਰਵਾਉਣ ‘ਤੇ ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਸਿਹਤ ਕੇਦਰਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਚਮੜੀ ‘ਤੇ ਹਲਕੇ ਲਾਲ ਜਾਂ ਤਾਂਬੇ ਰੰਗੇ ਨਿਸ਼ਾਨ ਹੋਣ ਅਤੇ ਜਿਸ ਉੱਤੇ ਛੂਹਣ ਦਾ ਅਹਿਸਾਸ ਨਾ ਹੁੰਦਾ ਹੋਵੇ ਤਾਂ ਇਹ ਕੁਸ਼ਟ ਰੋਗ ਦੀ ਨਿਸ਼ਾਨੀ ਹੋ ਸਕਦੀ ਹੈ। ਅਜਿਹੇ ਵਿਅਕਤੀ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਲਿਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਇਲਾਜ ਕਰਵਾਉਣ ‘ਤੇ ਇਸ ਰੋਗ ਨਾਲ ਹੋਣ ਵਾਲੀ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ।
               ਜ਼ਿਲ੍ਹਾ ਲੈਪਰੋਸੀ ਅਫਸਰ ਡਾ: ਸੰਗੀਤਾ ਸਿੰਘ  ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਸ ਸਾਲ ਅਪ੍ਰੈਲ ਤੋਂ ਹੁਣ ਤੱਕ 120 ਨਵੇਂ ਕੁਸ਼ਟ ਰੋਗ ਦੇ ਮਰੀਜ਼ ਮਿਲੇ ਹਨ, ਜਿਨ੍ਹਾਂ ਵਿੱਚੋਂ 12 ਪੰਜਾਬੀ ਹਨ ਅਤੇ ਬਾਕੀ ਦੇ ਮਰੀਜ਼ ਦੂਜੇ ਪ੍ਰਦੇਸ਼ਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਕੇਸਾਂ ਵਿੱਚੋ 7 ਮਰੀਜ਼ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਰਕੇ ਲੇਟ ਇਲਾ ਸ਼ੁਰੂ ਹੋਣ ਕਰਕੇ ਅਪੰਗਤਾ ਤੋਂ ਪ੍ਰਭਾਵਿਤ ਹੋਏ ਹਨ।
               ਇਸ ਰੈਲੀ ਵਿੱਚ ਡਾ: ਬੀ.ਐਲ ਕਪੂਰ ਮੈਮੋਰੀਅਲ ਹਸਪਤਾਲ ਲੁਧਿਆਣਾ ਦੀਆਂ ਨਰਸਿੰਗ ਸਟੂਡੈਂਟਸ, ਅਧਿਆਪਕ, ਸਿਵਲ ਹਸਪਤਾਲ ਦੇ ਕਾਰਜਕਾਰੀ ਐਸ.ਐਮ.ਓ. ਡਾ: ਕਰਮਵੀਰ ਗੋਇਲ, ਡਾ: ਦਲਜੀਤ ਸਿੰਘ ਕੋਚਰ, ਮੈਡੀਕਲ ਅਫਸਰ ਸ੍ਰੀਮਤੀ ਅਮਰਜੀਤ ਕੌਰ ਮੈਟਰਿਨ, ਸਟਾਫ ਮੈਂਬਰ, ਸਿਵਲ ਸਰਜਨ ਦਫਤਰ ਦੇ ਮਾਸ ਮੀਡੀਆ ਵਿੰਗ ਤੋਂ ਸ੍ਰੀ ਜਗਤ ਰਾਮ ਡਿਪਟੀ ਐਮ.ਈ.ਆਈ.ਓ, ਸ੍ਰੀ ਨਵਰੀਤ ਸਿੰਘ, ਸ੍ਰੀ ਡੈਨੀਅਲ ਅਤੇ ਬਲਵਿੰਦਰ ਸਿੰਘ ਸ਼ਾਮਲ ਸਨ।      

Translate »