September 30, 2011 admin

ਪਾਈਕਾ ਸਕੀਮ ਪਿੰਡਾਂ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਸਹਾਈ ਹੋ ਰਹੀ ਹੈ-ਧਾਲੀਵਾਲ

ਫਤਹਿਗੜ੍ਹ ਸਾਹਿਬ- ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਪੰਚਾਇਤ ਯੁਵਾ ਕਰੀੜਾ ਔਰ ਖੇਡ ਅਭਿਆਨ (ਪਾਈਕਾ) ਸਕੀਮ ਅਧੀਨ   ਪੰਜਾਬ ਦੇ ਸਾਰੇ ਪਿੰਡਾਂ ਅਤੇ ਬਲਾਕਾਂ ਵਿੱਚ ਖੇਡ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਇਹ ਜਾਣਕਾਰੀ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀਮਤੀ ਸਤਵਿੰਦਰ ਕੌਰ ਧਾਲੀਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਖੇਡ ਸਟੇਡੀਅਮ ਵਿਖੇ ਬਲਾਕ ਬਸੀ ਪਠਾਣਾਂ ਅਤੇ ਬਲਾਕ ਖਮਾਣੋਂ ਦੇ ਪਿੰਡਾਂ ਨੂੰ ਇੱਕ-ਇੱਕ ਲੱਖ ਰੁਪਏ ਦੇ ਚੈਕ ਅਤੇ ਖੇਡ ਕਿੱਟਾਂ ਵੰਡਣ ਸਮੇਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ  ਪੰਜਾਬ ਦੇ ਸਾਰੇ ਪਿੰਡ 10 ਸਾਲਾਂ ਵਿੱਚ ਲਿਆਂਦੇ ਜਾਣਗੇ ਤਾਂ ਜੋ ਪਿੰਡਾਂ ਵਿੱਚ ਛੁਪੀ ਖੇਡ ਪ੍ਰਤਿਭਾ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਪਿੰਡਾਂ ਦੇ ਨੌਜਵਾਨ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਖੇਡਾਂ ਵੱਲ ਰੁਚੀ ਬਣਾ ਸਕਣ। ਉਨ੍ਹਾਂ ਆਖਿਆ ਕਿ ਪਿੰਡ ਪੱਧਰ ਤੋਂ ਹੀ ਖੇਡਾਂ ਨੂੰ ਉਤਸ਼ਾਹਤ ਕਰਨ ਨਾਲ ਜਿੱਥੇ ਖੇਡਾਂ ਦੇ ਮਿਆਰ ਵਿੱਚ ਵਾਧਾ ਹੋਵੇਗਾ , ਉੱਥੇ ਨੌਜਵਾਨਾਂ ਨੂੰ ਰਾਜ,ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਆਪਣੀ ਖੇਡ ਪ੍ਰਤਿਭਾ ਦਾ ਮੁਜਾਹਰਾ ਕਰਨ ਦਾ ਮੌਕਾ ਮਿਲੇਗਾ।  

ਸ੍ਰੀਮਤੀ ਧਾਲੀਵਾਲ ਨੇ ਬਲਾਕ ਬਸੀ ਪਠਾਣਾ ਦੇ ਪਿੰਡ  ਭਟੇੜੀ, ਫਤਿਹਪੁਰ ਅਰਾਈਆਂ, ਧੂੰਦਾ, ਥਾਬਲਾਂ, ਲੁਹਾਰੀ ਕਲਾਂ, ਲੂਲੋਂ ਅਤੇ ਫਿਰੋਜਪੁਰ ਅਤੇ ਬਲਾਕ ਖਮਾਣੋ ਦੇ ਪਿੰਡ ਚੜ੍ਹੀ, ਮਨੈਲੀ, ਨਾਨੋਵਾਲ ਕਲਾਂ, ਮੋਹਨ ਮਾਜਰਾ ਅਤੇ ਭਾਮੀਆਂ ਦੀਆਂ ਪੰਚਾਇਤਾਂ ਨੂੰ ਇਕ-ਇਕ ਲੱਖ ਰੁਪਏ ਦੀ ਰਾਸ਼ੀ ਦੇ ਚੈਕ ਖੇਡਾਂ ਦੇ ਵਿਕਾਸ ਲਈ ਅਤੇ ਦਸ-ਦਸ ਹਜਾਰ ਰੁਪਏ ਦੀਆਂ ਖੇਡਾਂ ਦੇ ਸਮਾਨ ਦੀਆਂ ਕਿੱਟਾਂ ਵੀ ਵੰਡੀਆਂ।  ਜਿਲ੍ਹਾ ਖੇਡ ਅਫਸਰ ਸ੍ਰੀ ਭੁਪਿੰਦਰ ਸਿੰਘ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਪ੍ਰੇਰਤ ਕੀਤਾ ਕਿ ਉਹ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈ ਕੇ ਖੇਡ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਲਾਭ ਉਠਾਉਣ ਅਤੇ ਪਿੰਡਾਂ ਵਿੱਚ ਖੇਡ ਸੱਭਿਆਚਾਰ ਦਾ ਮਾਹੌਲ ਪੈਦਾ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ, ਪਿੰਡਾਂ ਦੇ ਕਲੱਬਾਂ ਦੇ ਪ੍ਰਧਾਨ,ਮੈਂਬਰ, ਸ੍ਰੀ ਸੁਖਦੀਪ ਸਿੰਘ ਵਾਲੀਬਾਲ ਕੋਚ, ਸ੍ਰੀ ਨਵਜੋਤਪਾਲ ਸਿੰਘ ਫੁੱਟਬਾਲ ਕੋਚ, ਸ੍ਰੀ ਮਨਪ੍ਰੀਤ ਸਿੰਘ ਹਾਕੀ ਕੋਚ ਵੀ ਸ਼ਾਮਲ ਹੋਏ।

Translate »