September 30, 2011 admin

ਪੰਜਾਬ ਵਿੱਚ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 4 ਤੋਂ

20 ਅਕਤੂਬਰ ਤੱਕ ਚੱਲੇਗਾ : ਗੁਰਕੀਰਤ ਕਿਰਪਾਲ ਸਿੰਘ

* 5 ਜ਼ਿਲ੍ਹਿਆਂ ਦੇ ਚੋਣ ਰਜਿਸਟਰੇਸ਼ਨ ਅਫਸਰਾਂ ਤੇ ਸਹਾਇਕ

ਚੋਣ ਰਜਿਸਟਰੇਸ਼ਨ ਅਫਸਰਾਂ ਨੂੰ ਦਿੱਤੀ ਸਿਖਲਾਈ

ਪਟਿਆਲਾ, 30 ਸਤੰਬਰ :

         ” ਪੰਜਾਬ ਵਿੱਚ ਫੋਟੋ ਵੋਟਰ ਸੂਚੀਆਂ ਦੇ ਕੱਚੇ ਖਰੜੇ ਦੀ ਸੁਧਾਈ ਦਾ ਕੰਮ 1-1-2012 ਦੇ ਆਧਾਰ ‘ਤੇ 4 ਅਕਤੂਬਰ ਤੋਂ 20 ਅਕਤੂਬਰ ਤੱਕ ਚੱਲੇਗਾ ਅਤੇ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 2 ਜਨਵਰੀ 2012 ਨੂੰ ਹੋਵੇਗੀ ।”  ਇਹ ਜਾਣਕਾਰੀ ਸੰਯੁਕਤ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਗੁਰਕੀਰਤ ਕਿਰਪਾਲ ਸਿੰਘ ਨੇ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਪਟਿਆਲਾ, ਮੁਹਾਲੀ, ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਦੇ ਚੋਣ ਰਜਿਸਟਰੇਸ਼ਨ ਅਫਸਰਾਂ ਅਤੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ ਦੀ ਸਿਖਲਾਈ ਸਬੰਧੀ ਮੀਟਿੰਗ ਦੌਰਾਨ ਦਿੱਤੀ । ਉਨ੍ਹਾਂ ਦੱਸਿਆ ਕਿ 7 ਅਤੇ 10 ਅਕਤੂਬਰ ਨੂੰ ਬੀ.ਐਲ.ਓਜ਼ ਆਪੋ ਆਪਣੇ ਵਾਰਡਾਂ/ਪਿੰਡਾਂ ਵਿੱਚ ਜਾ ਕੇ ਮੋਹਤਬਰ ਵਿਅਕਤੀਆਂ ਤੋਂ  ਇਨ੍ਹਾਂ ਵੋਟਰ ਸੂਚੀਆਂ ਦੀ ਵੈਰੀਫਿਕੇਸ਼ਨ ਕਰਵਾਉਣਗੇ । ਉਨ੍ਹਾਂ ਦੱਸਿਆ ਕਿ 9 ਅਤੇ 16 ਅਕਤੂਬਰ ਨੂੰ ਇਸ ਸਬੰਧੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਦੌਰਾਨ ਸਬੰਧਤ ਬੀ.ਐਲ.ਓਜ਼ ਆਪਣੇ ਖੇਤਰਾਂ ਵਿੱਚ ਜਾ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਏਜੰਟਾਂ ਨਾਲ ਤਾਲਮੇਲ ਕਰਦੇ ਹੋਏ ਉਨ੍ਹਾਂ ਕੋਲੋਂ ਦਾਅਵੇ ਅਤੇ ਇਤਰਾਜ਼ ਹਾਸਿਲ ਕਰਨਗੇ । ਉਨ੍ਹਾਂ ਦੱਸਿਆ ਕਿ 19 ਨਵੰਬਰ ਤੱਕ ਸਾਰੇ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ ।

         ਸ਼੍ਰੀ ਗੁਰਕੀਰਤ ਕਿਰਪਾਲ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਚੋਣ ਰਜਿਸਟਰੇਸ਼ਨ ਅਫਸਰਾਂ ਅਤੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ ਨੂੰ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫੋਟੋ ਵੋਟਰ ਸੂਚੀਆਂ ਦੇ ਕੰਮ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਵਿਦਿਅਕ ਸੰਸਥਾਵਾਂ ਦੇ ਹੋਸਟਲਾਂ ਵਿੱਚ ਰਹਿੰਦੇ ਵਿਦਿਆਰਥੀ ਜਿਨ੍ਹਾਂ ਦੀਆਂ ਪਹਿਲਾਂ ਵੋਟਾਂ ਨਹੀਂ ਬਣੀਆਂ ਅਤੇ ਉਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ, ਉਨ੍ਹਾਂ ਦੀਆਂ ਵੋਟਾਂ ਬਣਾਈਆਂ ਜਾਣ ਅਤੇ ਇਹ ਵੋਟਾਂ ਬਣਾਉਣ ਤੋਂ ਪਹਿਲਾਂ ਸਬੰਧਤ ਸੰਸਥਾ ਦੇ ਮੁਖੀ ਤੋਂ ਇਹ ਸਰਟੀਫਿਕੇਟ ਲੈ ਲਿਆ ਜਾਵੇ ਕਿ ਇਹ ਵਿਦਿਆਰਥੀ ਹੋਸਟਲ ਵਿੱਚ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇ 25 ਸਾਲ ਦੀ ਉਮਰ ਤੱਕ ਕਿਸੇ ਵਿਅਕਤੀ ਦੀ ਵੋਟ ਨਹੀਂ ਬਣੀ ਤਾਂ ਉਸਦੇ ਮਾਪਿਆਂ ਤੋਂ ਘੋਸ਼ਣਾ ਪੱਤਰ ਲਿਆ ਜਾਵੇਗਾ ਕਿ ਉਸਦੀ ਪਹਿਲਾਂ ਕਿਤੇ ਵੀ ਵੋਟ ਨਹੀਂ ਬਣੀ ਹੋਈ । ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਆਪਣੇ ਆਪਣੇ ਜ਼ਿਲ੍ਹੇ ਵਿੱਚ ਰਾਤ ਦੇ ਸਮੇਂ ਜਾ ਕੇ ਬੇਘਰਿਆਂ ਦੀ ਪਹਿਚਾਣ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਵੀ ਵੋਟ ਪਾਉਣ ਦਾ ਹੱਕ ਦਿੱਤਾ ਜਾ ਸਕੇ । ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕੋਈ ਇਤਰਾਜ਼ ਪ੍ਰਾਪਤ ਹੋਣ ਦੀ ਸੂਰਤ ਵਿੱਚ ਕਿਸੇ ਵਿਅਕਤੀ ਦੀ ਵੋਟ ਕੱਟਣ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਜਾਰੀ ਕੀਤਾ ਜਾਵੇ ਉਸ ਤੋਂ ਬਾਅਦ ਹੀ ਵੋਟ ਕੱਟਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ।

         ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ, ਐਸ.ਡੀ.ਐਮ ਪਟਿਆਲਾ ਸ਼੍ਰੀ ਅਨਿਲ ਗਰਗ, ਐਸ.ਡੀ.ਐਮ ਚਮਕੌਰ ਸਾਹਿਬ ਸ਼੍ਰੀ ਉਪਕਾਰ ਸਿੰਘ, ਐਸ.ਡੀ.ਐਮ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ ਸਮਾਣਾ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ ਅਮਲੋਹ ਸ਼੍ਰੀ ਤਜਿੰਦਰ ਸਿੰਘ ਧਾਲੀਵਾਲ, ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ, ਏ.ਐਮ.ਡੀ ਪੀ.ਆਰ.ਟੀ.ਸੀ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਡੀ.ਟੀ.ਓ ਸ਼੍ਰੀ ਜੀ.ਐਸ.ਚਾਹਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਬਲਜੀਤ ਸਿੰਘ, ਤਹਿਸੀਲਦਾਰ ਚੋਣਾਂ ਸ਼੍ਰੀ ਨਾਮਦੇਵ ਸਿੰਘ ਸਿੱਧੂ  ਤੋਂ ਇਲਾਵਾ  ਹੋਰ ਅਧਿਕਾਰੀ ਵੀ ਹਾਜ਼ਰ ਸਨ ।
ਨੰ: ਲਸਪ (ਪ੍ਰੈ:ਰੀ)-11/809

ਕੈਪਸ਼ਨ:

ਸੰਯੁਕਤ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਗੁਰਕੀਰਤ ਕਿਰਪਾਲ ਸਿੰਘ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਪਟਿਆਲਾ, ਮੁਹਾਲੀ, ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਦੇ ਚੋਣ ਰਜਿਸਟਰੇਸ਼ਨ ਅਫਸਰਾਂ ਅਤੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ ਦੀ ਸਿਖਲਾਈ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਵੀ ਦਿਖਾਈ ਦੇ ਰਹੇ ਹਨ।

Translate »