ਬਰਨਾਲਾ (ਭਾਰਤ ਸੰਦੇਸ਼) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਅਦਾਰਿਆਂ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਅਚਨਚੇਤ ਨਿਰੀਖਣਾਂ ਦਾ ਸਿਲਸਲਾ ਜਾਰੀ ਹੈ। ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰ| ਬਲਵੰਤ ਸਿੰਘ ਸ਼ੇਰਗਿੱਲ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਘੁੰਨਸ ਦੇ ਸਬ-ਸੈਂਟਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਵਧੀਕ ਡਿਪਟੀ ਕਮਸ਼ਿਨਰ ਵਿਕਾਸ ਸ੍ਰ| ਸ਼ੇਰਗਿੱਲ ਅੱਜ ਜਦੋਂ ਦੁਪਹਿਰ 1:45 ਵਜੇ ਪਿੰਡ ਘੁੰਨਸ ਦੇ ਸਬ-ਸੈਂਟਰ ਪਹੁੰਚੇ ਤਾਂ ਡਾ| ਬਲਵਿੰਦਰ ਕੌਰ ਸਮੇਤ ਉਥੋਂ ਦਾ ਸਾਰਾ ਸਟਾਫ ਛੁੱਟੀ ਹੋਣ ਤੋਂ ਪਹਿਲਾਂ ਹੀ ਸਬ-ਸੈਂਟਰ ਬੰਦ ਕਰਕੇ ਆਪਣੇ ਘਰਾਂ ਨੂੰ ਜਾ ਚੁੱਕਾ ਸੀ।
ਇਸ ਸਬ-ਸੈਂਟਰ ਦੇ ਸਮੂਹ ਸਟਾਫ ਵੱਲੋਂ ਛੁੱਟੀ ਤੋਂ ਪਹਿਲਾਂ ਹੀ ਸਬ-ਸੈਂਟਰ ਬੰਦ ਕਰਨ ਦਾ ਸਖਤ ਨੋਟਿਸ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਸਿਹਤ ਵਿਭਾਗ ਨੂੰ ਡਾਕਟਰਾਂ ਸਮੇਤ ਸਾਰੇ ਅਮਲੇ ਦੀ ਜੁਆਬ ਤਲਬੀ ਕੀਤੀ ਹੈ ਅਤੇ ਉਹਨਾਂ ਵਿਰੱੁਧ ਵਿਭਾਗੀ ਕਾਰਵਾਈ ਕਰਨ ਲਈ ਕਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਜਦੋਂ ਪਿੰਡ ਘੁੰਨਸ ਦੇ ਲੋਕਾਂ ਕੋਲੋਂ ਸਬ-ਸੈਂਟਰ ਬਾਰੇ ਪੁਛਿਆ ਤਾਂ ਪਿੰਡ ਵਾਲਿਆਂ ਦੱਸਿਆ ਕਿ ਅਕਸਰ ਹੀ ਇਸ ਡਿਸਪੈਂਸਰੀ ਦਾ ਸਾਰਾ ਸਟਾਫ ਲੇਟ ਆਉਂਦਾ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਛੱੁਟੀ ਕਰਕੇ ਚਲਾ ਜਾਂਦਾ ਹੈ।
ਸ੍ਰ| ਸ਼ੇਰਗਿੱਲ ਨੇ ਪਿੰਡ ਵਾਲਿਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਆਪਣੀ ਡਿਊਟੀ ਸਮੇਂ ਅਣਗਹਿਲੀ ਵਰਤਣ ਵਾਲੇ ਅਜਿਹੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਡਿਊਟੀ ਨੂੰ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਸਮੇਂ ਦੇ ਪਾਬੰਧ ਬਣਨ ਤਾਂ ਜੋ ਲੋਕਾਂ ਨੂੰ ਸਰਕਾਰੀ ਦਫਤਰਾਂ ਤੋਂ ਸਹੀ ਸੇਵਾਵਾਂ ਮਿਲ ਸਕਣ।