ਗੁਰਦਾਸਪੁਰ- ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਅਤੇ ਵਿਕਾਸ ਮਈ ਸਕੀਮਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਚਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕਰਨ ਲਈ ਸ. ਮਹਿੰਦਰ ਸਿੰਘ ਕੈਂਥ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਸਥਾਨਕ ਪੰਚਾਇਤ ਭਵਨ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੈਂਥ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਨਿਯਮਾਂ ਅਨੁਸਾਰ ਵਿਕਾਸ ਕੰਮਾਂ ਦੀ ਗੁਣਵੱਤਾ ਅਤੇ ਵਿਕਾਸ ਕੰਮਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਅਤੇ ਕਿਸੇ ਵੀ ਵਿਕਾਸ ਕੰਮ ਵਿੱਚ ਦੇਰੀ ਜਾਂ ਸਰਕਾਰੀ ਮਾਪਢੰਡਾਂ ਤੋਂ ਘੱਟ ਗੁਣਵੱਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਕੈਂਥ ਨੇ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਐਫ.ਸੀ.ਆਈ ਨਾਲ ਪੂਰਾ ਤਾਲਮੇਲ ਕਰਕੇ ਝੋਨੇ ਦੀ ਆਮਦ ਦੀ ਮਾਤਰਾ ਅਨੁਸਾਰ ਥਾਂ ਉਪਲੱਬਧ ਕਰਵਾਉਣਗੇ ਅਤੇ ਝੋਨੇ ਦੀ ਸੰਭਾਲ ਲਈ ਤਰਪਾਲਾਂ ਆਦਿ ਦਾ ਪੂਰਾ ਪ੍ਰਬੰਧ ਕਰਨਗੇ। ਉਨਾਂ ਅੱਗੇ ਕਿਹਾ ਕਿ ਜਿੰਨਾ ਪਰਿਵਾਰਾਂ ਦੇ ਅਜੇ ਤਕ ਰਾਸ਼ਨ ਕਾਰਡ ਨਹੀ ਬਣੇ , ਉਨਾ ਨੂੰ ਰਾਸ਼ਨ ਕਾਰਡ ਬਣਾਉਣ ਵਿੱਚ ਆ ਰਹੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਉਨਾ ਮਾਰਕਿਟ ਕਮੇਟੀ ਗੁਰਦਾਸਪੁਰ, ਬਟਾਲਾ ਅਤੇ ਪੀ.ਡਬਲਿਊ.ਡੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜੇ ਵੀ ਸੜਕਾਂ ‘ਤੇ ਨਾਜਾਇਜ਼ ਹੋਰਡਿੰਗ ਬੋਰਡ ਲੱਗੇ ਹੋਏ ਹਨ, ਨੂੰ ਤੁਰੰਤ ਉਤਾਰਿਆ ਜਾਵੇ। ਉਨਾਂ ਸਖ਼ਤ ਹਦਾਇਤ ਕੀਤੀ ਕਿ ਅਗਲੇ ਦੋ ਦਿਨਾਂ ਤਕ ਸ੍ਰੀ ਹਰਗੋਬਿੰਦਪੁਰ, ਡੇਰਾ ਬਾਬਾ ਨਾਨਕ ਰੋਡ, ਮੁਕੇਰੀਆਂ ਰੋਡ ਤੇ ਨੈਸ਼ਨਲ ਹਾਈਵੇ ਆਦਿ ਤੋਂ ਸਾਰੇ ਨਾਜਾਇਜ਼ ਹੋਰਡਿੰਗ ਉਤਾਰ ਲਏ ਜਾਣ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਉਨਾਂ ਕਿਹਾ ਕਿ ਉਨਾਂ ਦੇ ਵਿਭਾਗ ਵਲੋ ਜਿਥੇ-ਜਿਥੇ ਕੰਮ ਕਰਵਾਇਆ ਜਾ ਰਿਹਾ ਹੈ, ਉਹ 30 ਨਵੰਬਰ, 2011 ਤਕ ਮਿਥੇ ਸਮੇਂ ਅਨੁਸਾਰ ਮੁਕੰਮਲ ਹੋ ਜਾਣੇ ਚਾਹੀਦੇ ਹਨ। ਅਤੇ ਇਨਾਂ ਕੰਮਾਂ ਦੀਆਂ ਥਾਵਾਂ ‘ਤੇ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਨਾਲ-ਨਾਲ ਹੀ ਪੂਰਾ ਕੀਤਾ ਜਾਵੇ। ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਕੈਂਥ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੂੰ ਕੁਨੈਕਸ਼ਨ ਟਰਾਂਸਫਰ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ, ਵੱਲ ਵਿਸੇਸ ਧਿਆਨ ਦਿੱਤਾ ਜਾਵੇ ਅਤੇ ਨਵੇਂ ਕੁਨੈਕਸ਼ਨ ਜਾਰੀ ਕਰਨ ਸਮੇਂ ਕਿਸੇ ਪ੍ਰਕਾਰ ਦੀ ਦੇਰੀ ਨਾ ਕੀਤੀ ਜਾਵੇ। ਇਸ ਮੋਕੇ ਜਸਬੀਰ ਸਿੰਘ ਡਿਪਟੀ ਚੀਫ ਗੁਰਦਾਸਪੁਰ ਨੇ ਦੱਸਿਆ ਕਿ ਹੁਣ ਤਕ ਉਨਾਂ ਪਾਸ ਨਵੇਂ ਕੁਨੈਕਸ਼ਨ ਲੈਣ ਲਈ 16 ਅਰਜ਼ੀਆਂ ਪ੍ਰਾਪਤ ਹੋਈੱੰ ਹਨ, ਜਿੰਨਾਂ ਨੂੰ ਜਲਦ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਸ. ਮਨਜੀਤ ਸਿੰਘ, ਸ. ਜਸਬੀਰ ਸਿੰਘ ਡਿਪਟੀ ਚੀਫ ਗੁਰਦਾਸਪੁਰ, ਪਰਉਪਕਾਰ ਸਿੰਘ ਸੀਨੀਅਰ ਐਕਸੀਅਨ ਗੁਰਦਾਸਪੁਰ, ਸ੍ਰੀਮਤੀ ਉਮਾ ਜੱਗੀ ਜਿਲਾ ਸਪੋਰਟਸ ਅਫਸਰ, ਡਾ. ਅਮਰੀਕ ਸਿੰਘ ਗਿੱਲ ਤੇ ਸ੍ਰੀ ਜਤਿੰਦਰ ਮਹਾਜਨ ਬਟਾਲਾ ਹਾਜ਼ਰ ਸਨ।