ਲੁਧਿਆਣਾ- ਜਿਲੇ ਵਿੱਚ ਮਨਰੇਗਾ ਸਕੀਮ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਹਿੱਤ ਮਨਰੇਗਾ ਹੈਲਪ-ਲਾਈਨ ਸਥਾਪਿਤ ਕੀਤੀ ਗਈ ਹੈ, ਜਿਸ ਦਾ ਸੰਪਰਕ ਨੰਬਰ 99884-00403 ਹੈ।
ਇਹ ਜਾਣਕਾਰੀ ਅੱਜ ਸ਼੍ਰੀ ਮੁਨੀਸ਼ ਤਿਵਾੜੀ ਮੈਬਰ ਪਾਰਲੀਮੈਟ-ਕਮ-ਚੇਅਰਮੈਨ ਜਿਲਾ ਮੋਨੀਟਰਿੰਗ ਅਤੇ ਵਿਜੀਲੈਸ ਕਮੇਟੀ ਨੇ ਬੱਚਤ ਭਵਨ ਵਿਖੇ ਹੋਈ ਜਿਲਾ ਮੋਨੀਟਰਿੰਗ ਅਤੇ ਵਿਜੀਲੈਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਸ੍ਰੀ ਤਿਵਾੜੀ ਵੱਲੋ ਕੇਦਰ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਇੰਦਰਾ ਅਵਾਸ ਯੋਜਨਾ, ਸਵਰਨ ਜੈਯੰਤੀ ਗਰਾਮ ਸਵੈ ਰੋਜ਼ਗਾਰ ਯੋਜਨਾਂ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਮਨਰੇਗਾ, ਸਰਵ ਸਿੱਖਿਆ ਅਭਿਆਨ ਅਤੇ ਪੇਡੂ ਜਲ ਸਪਲਾਈ ਆਦਿ ਸਕੀਮਾਂ ਦਾ ਜਾਇਜਾ ਲਿਆ ਗਿਆ। ਮੀਟਿੰਗ ਵਿਚ ਸ੍ਰੀ ਗੁਰਦੀਪ ਸਿੰਘ ਭੈਣੀ, ਸ੍ਰੀ ਤੇਂਜ਼ ਪ੍ਰਕਾਸ਼ ਸਿੰਘ (ਦੋਵੇਂ ਐਮ.ਐਲ.ਏ), ਸ਼੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ, ਸ਼੍ਰੀ ਪ੍ਰਦੀਪ ਅਗਰਵਾਲ ਏ.ਡੀ.ਸੀ. (ਵਿਕਾਸ),ਸ਼੍ਰੀ ਪਵਨ ਦੀਵਾਨ ਜ਼ਿਲਾ ਪ੍ਰਧਾਨ ਕਾਂਗਰਸ (ਸ਼ਹਿਰੀ), ਸ਼੍ਰੀ ਰਮਨ ਸੁਬਰਾਮਨੀਅਮ, ਸ. ਜਗਦੇਵ ਸਿੰਘ ਗੋਹਲਵੜੀਆ, ਸ: ਰਤਨ ਸਿੰਘ ਕਮਾਲਪੁਰੀ, ਮੈਡਮ ਨੀਲਮ ਸੋਢੀਆ ਅਤੇ ਸ੍ਰੀ ਸ਼ੁਸੀਲ ਮਲਹੋਤਰਾ ਹਾਜ਼ਰ ਸਨ।
ਸ਼੍ਰੀ ਮੁਨੀਸ਼ ਤਿਵਾੜੀ ਮੈਬਰ ਪਾਰਲੀਮੈਟ-ਕਮ-ਚੇਅਰਮੈਨ ਜਿਲਾ ਮੋਨੀਟਰਿੰਗ ਵਿਜੀਲੈਸ ਕਮੇਟੀ ਨੇ ਮਨਰੇਗਾ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਦਿਆ ਜਿਲੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਆਉਦੇ ਸਾਰੇ ਪਿੰਡਾਂ ਦੇ ਛੱਪੜਾਂ ਤੇ ਨਜ਼ਾਇਜ਼ ਕਬਜ਼ੇ ਸਬੰਧੀ 15 ਦਿਨਾਂ ਦੇ ਅੰਦਰ-ਅੰਦਰ ਫ਼ੋਟੋਆਂ/ਵੀਡੀਓਗ੍ਰਾਫ਼ੀ ਰਾਹੀਂ ਰਿਕਾਰਡ ਮਕੁੰਮਲ ਕਰ ਲੈਣ। ਉਹਨਾਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਇਹ ਵੀ ਕਿਹਾ ਕਿ ਕਿਸੇ ਵੀ ਪਿੰਡ ਦੇ ਛੱਪੜ ਤੇ ਕੋਈ ਨਜਾਇਜ਼ ਕਬਜਾ ਨਹੀ ਹੋਣਾ ਚਾਹੀਦਾ ਅਤੇ ਇਸ ਸਬੰਧੀ ਉਹ ਅਗਲੀ ਮੀਟਿੰਗ ਵਿੱਚ ਲਿਖਤੀ ਰਿਪੋਰਟ ਦੇਣਗੇ। ਉਹਨਾਂ ਕਿਹਾ ਕਿ ਮਨਰੇਗਾ ਤਹਿਤ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਮੁਕੰਮਲ ਜਾਣਕਾਰੀ ਦਰਸਾਉਦੇ ਡਿਸਪਲੇਅ ਬੋਰਡ ਲਗਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ।ਉਹਨਾਂ ਜਿਲਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੇਦਰ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਸਰੂ ਕੀਤੇ ਗਏ ਵਿਕਾਸ ਪ੍ਰਾਜੈਕਟਾਂ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਸਮੇ ਸਿਰ ਮੁਕੰਮਲ ਕਰਨ ਤਾਂ ਜੋ ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਅਤੇ ਪ੍ਰਾਜੈਕਟਾਂ ਦਾ ਲਾਭ ਮਿਲ ਸਕੇ। ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਸਾਲ 2011-12 ਦੌਰਾਨ ਮਨਰੇਗਾ ਸਕੀਮ ਤਹਿਤ 11.67 ਕਰੋੜ ਰੁਪਏ ਦੇ ਫੰਡ ਉਪਲੱਭਦ ਹਨ, ਜਿੰਨਾਂ ਵਿੱਚੋਂ 5.64 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਮੀਟਿੰਗ ਵਿੱਚ ਹਾਜ਼ਰ ਸ੍ਰੀ ਤੇਜ਼ ਪ੍ਰਕਾਸ਼ ਸਿੰਘ ਐਮ.ਐਲ.ਏ ਨੇ ਕਿਹਾ ਕਿ ਮਨਰੇਗਾ ਤਹਿਤ ਲਾਭ ਪਾਤਰੀਆਂ ਨੂੰ ਅਦਾਇਗੀ ਜਲਦੀ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਤੇ ਸ੍ਰੀ ਪ੍ਰਦੀਪ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵੱਲੋ ਲੋਕਾਂ ਨੂੰ ਇਸ ਸਕੀਮ ਤੋ ਲਾਭ ਉਠਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ।
ਸ੍ਰੀ ਮੁਨੀਸ਼ ਤਿਵਾੜੀ ਨੇ ਕੌਮੀ ਪੇਂਡੂ ਜਲ ਸਪਲਾਈ ਪ੍ਰੋਗਰਾਮ ਸਬੰਧੀ ਜਾਇਜ਼ਾ ਲੈਂਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਹੁੱਈਆ ਕਰਵਾਉਣ ਲਈ ਪਾਣੀ ਦੀ ਕੁਆਲਟੀ ਵਿੱਚ ਹੋਰ ਸੁਧਾਰ ਲਿਆਉਣ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਪਹਿਲਾਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਲੁਧਿਆਣਾ ਜਿਲੇ ਵਿੱਚ ਆਏ ਫੰਡਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਹਾਜ਼ਰ ਡਾ: ਦਲੀਪ ਕੁਮਾਰ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਾਲ ਇਸ ਸਕੀਮ ਅਧੀਨ ਕੇਦਰ ਸਰਕਾਰ ਵੱਲੋ 6 ਕਰੋੜ ਰੁਪਏ ਪ੍ਰਾਪਤ ਹੋਏ ਹਨ, ਜੋ ਜਿਲੇ ਵਿੱਚ ਵੱਖ-ਵੱਖ ਸਕੀਮਾਂ ਤੇ ਖਰਚ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ੍ਰਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਸ.ਡੀ.ਐਮ. ਲੁਧਿਆਣਾ (ਪੱਛਮੀ), ਸ. ਅਜੇ ਸੂਦ ਐਸ. ਡੀ.ਐਮ. ਲੁਧਿਆਣਾ (ਪੂਰਬੀ), ਸ਼੍ਰੀਮਤੀ ਨੀਰੂ ਕਤਿਆਲ ਐਸ.ਡੀ.ਐਮ. ਪਾਇਲ, ਸ਼੍ਰੀ ਂਜਸਵੀਰ ਸਿੰਘ ਐਸ.ਡੀ.ਐਮ. ਸਮਰਾਲਾ, ਮੈਡਮ ਈਸ਼ਾ ਕਾਲੀਆ ਐਸ.ਡੀ.ਐਮ. ਜਗਰਾਓ, ਸ੍ਰੀ ਬਲਦੇਵ ਸਿੰਘ ਐਸ.ਡੀ.ਐਮ ਰਾਏਕੋਟ, ਸ੍ਰੀਮਤੀ ਇੰਦਰਜੀਤ ਕੌਰ ਕੰਗ ਐਸ.ਡੀ.ਐਮ ਖੰਨਾ, ਸ੍ਰੀ ਮਹਿੰਦਰ ਸਿੰਘ ਗਰੇਵਾਲ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਸ੍ਰੀ ਅਮਰਦੀਪ ਗੁਜਰਾਲ ਸੈਕਟਰੀ ਜਿਲਾ ਪਰਿਸ਼ਦ, ਸ੍ਰੀ ਦਲੀਪ ਕੁਮਾਰ ਸਿਵਲ ਸਰਜ਼ਨ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਕਾਰਜ਼ ਸਾਧਕ ਅਫਸਰ ਹਾਜ਼ਰ ਸਨ।