September 30, 2011 admin

ਅੰਮ੍ਰਿਤਸਰ ਦੇ ਮੀਡੀਆ ਨੇ ਵਿਰਾਸਤੀ ਸੈਰ ਦਾ ਮਾਣਿਆ ਭਰਪੂਰ ਆਨੰਦ

ਅੰਮ੍ਰਿਤਸਰ –  ਸੈਰ ਸਪਾਟਾ ਵਿਭਾਗ ਪੰਜਾਬ ਵੱਲੋਂ ਅੰਮ੍ਰਿਤਸਰ ਦੀਆਂ ਪ੍ਰਾਚੀਨ, ਇਤਿਹਾਸਕ ਇਮਾਰਤਾਂ ਤੋਂ ਰੂ-ਬ-ਰੂ ਕਰਵਾਉਣ ਲਈ  ਆਰੰਭੀ ਵਿਰਾਸਤੀ ਸੈਰ ਦਾ ਅੱਜ ਅੰਮ੍ਰਿਤਸਰ ਦੇ ਮੀਡੀਆ ਨੇ ਭਰਪੂਰ ਆਨੰਦ ਮਾਣਿਆ। ਜਿਲ੍ਹੇ ਦੇ ਪ੍ਰਮੁੱਖ ਪਿੰ੍ਰਟ, ਇਲੈਕਟ੍ਰੋਨਿਕ ਅਤੇ ਫੋਟੋਜਰਨਲਿਸਟ ਜਿੰਨਾਂ ਵਿੱਚ ਅੰਗਰੇਜੀ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ, ਟਾਈਮਜ ਆਫ ਇੰਡੀਆ, ਅਜੀਤ, ਪੰਜਾਬ ਕੇਸਰੀ, ਹਿੰਦੀ/ਪੰਜਾਬੀ ਜਾਗਰਣ, ਦੈਨਿਕ ਭਾਸਕਰ, ਅਮਰ ਉਜਾਲਾ, ਰੋਜਾਨਾ ਸਪੋਕਸਮੈਨ, ਵੀਰ ਪ੍ਰਤਾਪ, ਪਬਲਿਕ ਦਿਲਾਸਾ, ਪੀ:ਟੀ:ਸੀ, ਫਾਸਟਵੇਅ, ਏ:ਵੀ:ਐਸ: ਕੇਬਲ,  ਏ:ਐਫ:ਪੀ ਆਦਿ ਦੇ ਨੁਮਾਇੰਦੇ ਸ਼ਾਮਲ ਸਨ, ਨੇ ਵਿਰਾਸਤੀ ਸੈਰ ਵਿੱਚ ਸ਼ਿਰਕਤ ਕੀਤੀ।  
         ਟਾਊਨ ਹਾਲ ਤੋਂ ਆਰੰਭ ਹੋਈ ਸੈਰ ਸਾਰਾਗੜੀ ਗੁਰਦਵਾਰਾ, ਕਿਲਾ ਆਹਲੂਵਾਲੀਆ, ਸੰਗਲ ਵਾਲਾ ਅਖਾੜਾ, ਦਰਸ਼ਨੀ ਡਿਊੜੀ, ਬਾਬਾ ਬੋਹੜ, ਹਨੂੰਮਾਨ ਮੰਦਿਰ, ਮਹਾਰਾਜਾ ਰਣਜੀਤ ਸਿੰਘ ਟਕਸਾਲ ਆਦਿ  ਇਤਿਹਾਸਕ ਥਾਵਾਂ ਤੋਂ ਹੁੰਦੀ ਹੋਈ ਘੰਟਾ ਘਰ ਸ੍ਰੀ ਦਰਬਾਰ ਸਾਹਿਬ ਦੇ ਨਜਦੀਕ ਸਮਾਪਤ ਹੋਈ। ਲੱਗਭੱਗ 2 ਘੰਟੇ ਚੱਲੀ ਇਸ ਵਿਰਾਸਤੀ ਸੈਰ ਦੌਰਾਨ ਇਤਿਹਾਸਕਾਰ ਸ੍ਰੀ ਸੁਰਿੰਦਰ ਕੋਛੜ ਨੇ ਪੱਤਰਕਾਰਾਂ ਨੂੰ ਪੁਰਾਤਨ ਸਥਾਨਾਂ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਮੀਡੀਆ ਵੱਲੋਂ ਸੈਰ ਸਪਾਟਾ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕੁਝ ਅੰਮ੍ਰਿਤਸਰ ਦੇ ਜੰਮਪਲ ਪੱਤਰਕਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਹੈ ਪਰ ਵਿਰਾਸਤੀ ਸੈਰ ਦੌਰਾਨ ਅੰਮ੍ਰਿਤਸਰ ਦੀਆਂ ਕੁਝ ਪ੍ਰਾਚੀਨ ਇਮਾਰਤਾਂ ਬਾਰੇ ਦਿੱਤੀ ਜਾਣਕਾਰੀ ਤੋਂ ਉਹ ਅੰਨਜਾਣ ਸਨ। ਮੀਡੀਆ ਨੇ ਇਕਸੁਰ ਵਿੱਚ ਵਿਰਾਸਤੀ ਸੈਰ ਨੂੰ ਗਿਆਨ  ਵਧਾਉ ਅਤੇ ਵਧੀਆ ਉਪਰਾਲਾ ਦੱਸਿਆ।
         ਇਸ ਮੌਕੇ ਸ੍ਰ ਬਲਰਾਜ ਸਿੰਘ, ਸੈਰ ਸਪਾਟਾ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਇਸ ਵਿਰਾਸਤੀ ਸੈਰ ਰਾਹੀਂ ਜਿਥੇ ਸਰਕਾਰ ਯਾਤਰੂਆਂ ਨੂੰ ਅੰਮ੍ਰਿਤਸਰ ਦੇ ਅਮੀਰ ਵਿਰਸੇ ਤੋਂ ਜਾਣੂੰ ਕਰਵਾਉਣਾ ਚਾਹੁੰਦੀ ਹੈ ਉਥੇ ਇਸ ਦੇ ਆਯੋਜਨ ਦਾ ਇਕ ਮੁੱਖ ਮੰਤਵ “”Know your city” ਭਾਵ ਆਪਣੇ ਸ਼ਹਿਰ ਨੂੰ ਪਹਿਚਾਣੋ ਹੈ। ਉਨ੍ਹਾਂ ਕਿਹਾ ਕਿ ਪਦਾਰਥਵਾਦੀ ਯੁੱਗ ਵਿੱਚ ਵਿਚਰਦਾ ਮਨੁੱਖ ਆਪਣੀਆਂ ਇਤਿਹਾਸਕ ਧਰੋਹਰਾਂ ਨੂੰ ਵਿਸਾਰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਲੋਕਾਂ ਨੂੰ ਇਤਿਹਾਸ ਨਾਲ ਜੋੜਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਨਿਕਟ ਭਵਿੱਖ ਵਿੱਚ ਅੰਮ੍ਰਿਤਸਰ ਦੇ ਪੰਜਾਂ ਸਰੋਵਰਾਂ ਦੇ ਦਰਸ਼ਨਾਂ ਲਈ ਇਕ ਹੋਰ ਵਿਸ਼ੇਸ਼ ਸੈਰ ਸ਼ੁਰੂ ਕੀਤੀ ਜਾਵੇਗੀ। ਸ੍ਰ ਬਲਰਾਜ ਸਿੰਘ ਨੇ ਸਵੀਕਾਰਿਆ ਕਿ ਵਿਰਾਸਤੀ ਸੈਰ ਨੂੰ ਵਧੇਰੇ ਬੇਹਤਰ ਬਣਾਇਆ ਜਾ ਸਕਦਾ ਹੈ, ਉਨ੍ਹਾਂ ਕਿਹਾ ਕਿ ਇਸ ਸਮੇਂ ਵਿਰਾਸਤੀ ਸੈਰ ਆਗਾਜੀ ਦੌਰ ਵਿੱਚ ਹੈ ਪਰ ਸਮੇਂ ਦੇ ਨਾਲ ਨਾਲ ਇਸ ਨੂੰ ਹੋਰ ਵਧੀਆ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਤਨ ਇਮਾਰਤਾਂ ਦੀ ਦਿੱਖ ਨੂੰ ਗ੍ਰਹਿਣ ਲਗਾਉਂਦੀਆਂ ਬਿਜਲੀ, ਟੈਲੀਫੋਨ ਤੇ ਕੇਬਲ ਦੀਆਂ ਤਾਰਾਂ ਨੂੰ ਹਟਾਉਣ, ਸਾਇਨ ਬੋਰਡ ਲਗਾਉਣ ਆਦਿ ਸਮੇਤ ਕਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਬੱਚੇ ਜੋ ਕਿ ਸਹੀ ਅਰਥਾਂ ਵਿੱਚ ਇਸ ਵਿਰਾਸਤ ਦੇ ਪਹਿਰੇਦਾਰ ਹਨ ਨੂੰ ਇਨ੍ਹਾਂ ਵਿਰਾਸਤੀ ਥਾਵਾਂ ਨਾਲ ਜੋੜਣ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜਾਨਾ 20 ਸਕੂਲੀ ਬੱਚਿਆਂ ਦੇ ਗਰੁੱਪ ਨੂੰ ਮਾਹਿਰ ਗਾਈਡ ਵੱਲੋਂ ਵਿਰਾਸਤੀ ਸੈਰ ਕਰਵਾਈ ਜਾਵੇਗੀ ਅਤੇ ਇਸ ਤਰ੍ਹਾਂ ਤਕਰੀਬਨ 2 ਸਾਲ ਦੇ ਅਰਸੇ ਅੰਦਰ ਜਿਲ੍ਹੇ ਦੇ ਹਰੇਕ ਸਕੂਲ ਜਾਣ ਵਾਲੇ ਬੱਚੇ ਨੂੰ ਵਿਰਾਸਤੀ ਸੈਰ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲਾਂ ਵੱਲੋਂ ਵਿਰਾਸਤੀ ਸੈਰ ਵਿੱਚ ਸ਼ਾਮਲ ਹੋਣ ਲਈ ਭਰਪੂਰ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ ਜਿਲ੍ਹੇ ਦੇ ਕਈ ਸਕੂਲਾਂ ਨੇ ਤਾਂ ਆਪੋ ਆਪਣੇ ਸਕੂਲਾਂ ਵਿੱਚ ਵਿਰਾਸਤੀ ਕਲੱਬ ਵੀ ਬਣਾ ਲਏ ਹਨ ਤਾਂ ਜੋ ਵਿਰਾਸਤ ਸਬੰਧੀ ਗਤੀਵਿਧੀਆਂ ਲਗਾਤਾਰ ਸਕੂਲਾਂ ਵਿੱਚ ਚਲਦੀਆਂ ਰਹਿਣ।  ਸ੍ਰ ਬਲਰਾਜ ਸਿੰਘ ਨੇ ਆਸ ਪ੍ਰਗਟਾਈ ਕਿ ਵਿਰਾਸਤੀ ਸੈਰ ਅੰਮ੍ਰਿਤਸਰ ਵਿੱਚ ਆਉਣ ਵਾਲੇ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣੇਗੀ ਅਤੇ ਇਸ ਸਦਕਾ ਨਿਕਟ ਭਵਿੱਖ ਵਿੱਚ ਯਾਤਰੂਆਂ ਵੱਲੋਂ ਅੰਮ੍ਰਿਤਸਰ ਵਿੱਚ ਜਿਆਦਾ ਸਮਾਂ ਬਿਤਾਉਣ ਵਿੱਚ ਰੁਚੀ ਵਿਖਾਈ ਜਾਵੇਗੀ, ਜਿਸ ਨਾਲ ਅੰਮ੍ਰਿਤਸਰ ਵਿੱਚ ਸੈਰ ਸਪਾਟਾ ਉਤਸ਼ਾਹਤ ਹੋਵੇਗਾ।
         ਅੱਜ ਵਿਰਾਸਤੀ ਸੈਰ ਵਿੱਚ ਪੱਤਰਕਾਰਾਂ ਤੋਂ ਇਲਾਵਾ ਸਥਾਨਕ ਸਪਰਿੰਗ ਡੇਲ ਸਕੂਲ ਦੇ ਬੱਚਿਆਂ ਨੇ ਵੀ ਸ਼ਿਰਕਤ ਕੀਤੀ ਅਤੇ  ਸ੍ਰੀ ਦਰਬਾਰ ਸਾਹਿਬ ਤੋਂ ਆਉਂਦੇ ਵਿਦੇਸ਼ੀ ਯਤਾਰੂਆਂ ਨੇ ਵੀ ਵਿਰਾਸਤੀ ਸੈਰ ਹੁੰਦੀ ਵੇਖ ਕੇ ਉਸ ਵਿੱਚ ਸ਼ਿਰਕਤ ਕਰਕੇ ਅੰਮ੍ਰਿਤਸਰ ਦੀਆਂ ਇਤਿਹਾਸਕ ਧਰੋਹਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ।

Translate »