September 30, 2011 admin

ਲੁਧਿਆਣਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ ਤਿਆਰੀਆਂ ਮੁਕੰਮਲ-ਤਿਵਾੜੀ

– ਡੀ.ਸੀ. ਵੱਲੋਂ ਕਿਸਾਨਾਂ ਨੂੰ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ
– ਸ਼ਾਮੀ 7 ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ‘ਤੇ ਪਾਬੰਦੀ
ਲੁਧਿਆਣਾ, 30 ਸਤੰਬਰ-  ਲੁਧਿਆਣਾ ਜ਼ਿਲ੍ਹੇ ਦੀਆਂ 102 ਮੰਡੀਆਂ ‘ਚ ਝੋਨੇ ਦੀ ਖਰੀਦ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਸ਼ੁੱਕਰਵਾਰ ਨੂੰ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਨੁਮਾਇੰਦਿਆਂ, ਆੜ੍ਹਤੀਆਂ, ਸ਼ੈਲਰ ਮਾਲਕਾਂ, ਕਿਸਾਨਾਂ ਅਤੇ ਕੰਬਾਈਨ ਮਾਲਕਾਂ ਨਾਲ ਸਥਾਨਕ ਬੱਚਤ ਭਵਨ ‘ਚ ਇਕ ਸਾਂਝੀ ਮੀਟਿੰਗ ਕਰਨ ਉਪਰੰਤ ਕੀਤਾ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਮੱਦੇਨਜ਼ਰ ਬਾਰਦਾਨੇ ਦਾ ਵੀ ਉਚਿੱਤ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲ ਅਤੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਖਰੀਦੇ ਜਾਣ ਵਾਲੇ ਝੋਨੇ ਦੀ ਲਿਫਟਿੰਗ ਲਈ ਟ੍ਰਾਂਸਪੋਰਟੇਸ਼ਨ ਦੇ ਉਚਿੱਤ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ। ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ।
     ਸ੍ਰੀ ਤਿਵਾੜੀ ਨੇ ਜ਼ਿਲ੍ਹਾ ਮੰਡੀਕਰਣ ਅਫਸਰ ਨੂੰ ਵੀ ਮੰਡੀਆਂ ਦੇ ਸਾਰੇ ਸਫਾਈ, ਰੌਸ਼ਨੀ  ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਮੁਕੰਮਲ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲਿਫਟਿੰਗ ਲਈ ਟ੍ਰਾਂਸਪੋਰਟ ਤੇ ਲੇਬਰ ਦੇ ਢੁਕਵੇਂ ਪ੍ਰਬੰਧ ਸਮੇਂ ਸਿਰ ‘ਤੇ ਕਰਨ ਦੀ ਤਾਕੀਦ ਕਰਦਿਆਂ ਆਖਿਆ ਕਿ ਜ਼ਿਆਦਾ ਸਮੱਸਿਆ ਪੀਕ ਸੀਜ਼ਨ ਦੌਰਾਨ ਮੰਡੀਆਂ ਵਿੱਚ ਮਾਲ ਦੀ ਲਿਫਟਿੰਗ ਦੇ ਰੁਕਣ ਕਾਰਨ ਹੀ ਆਉਂਦੀ ਹੈ, ਜਿਸ ਨੂੰ ਹੁਣ ਤੋਂ ਧਿਆਨ ਵਿੱਚ ਰੱਖ ਕੇ ਰਣਨੀਤੀ ਉਲੀਕੀ ਜਾਵੇ।
          ਉਨ੍ਹਾਂ ਖਾਸ ਤੌਰ ‘ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਗਿੱਲਾ ਝੋਨਾ ਨਾ ਲੈ ਕੇ ਆਉਣ ਅਤੇ ਸੁੱਕੀ ਫਸਲ ਹੀ ਲਿਆਉਣ, ਜਿਸ ਨਾਲ ਉਨ੍ਹਾਂ ਦੀ ਫਸਲ ਦਾ ਛੇਤੀ ਭਾਅ ਲੱਗੇਗਾ ਤੇ ਚੁੱਕਣ ਵਿੱਚ ਵੀ ਅਸਾਨੀ ਰਹੇਗੀ। ਸ੍ਰੀ ਤਿਵਾੜੀ ਨੇ ਕਿਹਾ ਸ਼ਾਮ ਨੂੰ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਨਾ ਕਰਨ ਸਬੰਧੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਕਾਨੂੰਨ ਦੀ ਪਾਲਣਾ ਕਰਵਾਈ ਜਾ ਸਕੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਇਹ ਹੁਕਮ ਸਖਤੀ ਨਾਲ ਪਾਲਣਾ ਕਰਾਉਣ ਦੀ ਹਦਾਇਤ ਕੀਤੀ।
         ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ, ਲੁਧਿਆਣਾ ਪੂਰਬੀ ਦੇ ਐਸ.ਡੀ.ਐਮ ਸ੍ਰੀ ਅਜੇ ਸੂਦ, ਲੁਧਿਆਣਾ ਪੂਰਬੀ ਦੇ ਐਸ.ਡੀ.ਐਮ ਸ੍ਰੀ ਕੁਲਜੀਤਪਾਲ ਸਿੰਘ ਮਾਹੀ, ਖੰਨਾ ਦੇ ਐਸ.ਡੀ.ਐਮ ਮੈਡਮ ਇੰਦਰਜੀਤ ਕੌਰ ਕੰਗ, ਪਾਇਲ ਦੇ ਐਸ.ਡੀ.ਐਮ ਮੈਡਮ ਨੀਰੂ ਕਤਿਆਲ ਗੁਪਤਾ, ਜਗਰਾਉਂ ਦੇ ਐਸ.ਡੀ.ਐਮ ਮੈਡਮ ਇਸ਼ਾ ਕਾਲੀਆ, ਰਾਏਕੋਟ ਦੇ ਐਸ.ਡੀ.ਐਮ ਸ੍ਰੀ ਬਲਦੇਵ ਸਿੰਘ, ਸਮਰਾਲਾ ਦੇ ਐਸ.ਡੀ.ਐਮ ਸ੍ਰੀ ਜਸਬੀਰ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਰਜਨੀਸ਼ ਕੁਮਾਰੀ ਤੇ ਸ੍ਰੀ ਰਜਤ ਓਬਰਾਏ, ਜ਼ਿਲ੍ਹਾ ਮੰਡੀ ਅਫਸਰ ਸ੍ਰੀ ਰਾਜਪਾਲ ਸਿੰਘ ਧਾਲੀਵਾਲ, ਏ.ਡੀ.ਸੀ.ਪੀ ਸ੍ਰੀ ਜੇ.ਐਸ. ਸਿੱਧੂ, ਏ.ਡੀ.ਟੀ.ਓ ਸ੍ਰੀ ਤਰਲੋਚਨ ਸਿੰਘ ਸਹੋਤਾ ਸਮੇਤ ਜ਼ਿਲ੍ਹੇ ਦੇ ਆੜ੍ਹਤੀਏ, ਸ਼ੈਲਰ ਮਾਲਕ ਤੇ ਕਿਸਾਨਾਂ ਦੇ ਨੁਮਾਇੰਦੇ ਹਾਜ਼ਰ ਸਨ।

Translate »