ਚਵਿੰਡਾ ਦੇਵੀ (ਅੰਮ੍ਰਿਤਸਰ))- ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਵਾਸਤੇ ਇੱਕ ਨਵੇਕਲਾ ਕਦਮ ਚੁੱਕਦਿਆਂ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਇੱਕ ਬੂਟੇ ਲਗਾਉਣ ਦਾ ਸਮਾਰੋਹ ਅੱਜ ਆਯੋਜਿਤ ਹੋਇਆ। ਕਾਲਜ ਦੇ ਪ੍ਰਿੰਸੀਪਲ ਸ: ਪਰਮਜੀਤ ਸਿੰਘ ਦੁਆ ਨੇ ਸਮਾਗਮ ਦੀ ਅਧਿਅਕਸ਼ਤਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੋਈ 200 ਦੇ ਕਰੀਬ ਦਰਖ਼ਤ ਕਾਲਜ ਕੈਂਪਸ ਵਿੱਚ ਲਗਾਏ ਹਨ ਅਤੇ ਵਿਦਿਆਰਥੀਆਂ ਅਤੇ ਨਗਰ ਦੇ ਸੱਜਣਾ ਨੂੰ ਹੋਰ ਵੀ ਜ਼ਿਆਦਾ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਹੈ।
ਲਗਾਏ ਗਏ ਬੂਟਿਆਂ ਵਿੱਚ ਅਲਤਮਸ਼,ਨਿੱਮ ਅਤੇ ਹੋਰ ਫਲਦਾਰ ਅਤੇ ਸੁੰਦਰਤਾ ਨੂੰ ਵਧਾਉਣ ਵਾਲੇ ਦਰਖ਼ਤ ਹਨ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਜਿੱਥੇ ਵਾਤਾਵਰਨ ਦੂਸ਼ਿਤ ਹੈ ਅਤੇ ਸਾਫ਼ ਪੌਣ-ਪਾਣੀ ਇੱਕ ਸੁਪਨਾ ਜਿਹਾ ਬਣਦਾ ਜਾ ਰਿਹਾ ਹੈ, ਵਿੱਦਿਅਕ ਅਦਾਰਿਆਂ ਦਾ ਇਹ ਕਰਤੱਵ ਬਣ ਜਾਂਦਾ ਹੈ ਕਿ ਨਾ ਸਿਰਫ਼ ਉਹ ਆਪ ਵੱਧ ਤੋ ਵੱਧ ਦਰਖ਼ਤ ਲਗਾਉਣ ਪਰ ਆਪ ਲੋਕਾਂ ਨੂੰ ਦਰਖ਼ਤ ਲਗਾਉਣ ਲਈ ਪ੍ਰੇਰਿਤ ਕਰਨ।