ਜਲੰਧਰ – ਸ੍ਰੀ ਅਨੁਰਾਗ ਵਰਮਾ ਕਮਿਸ਼ਨਰ ਜਲੰਧਰ ਡਵੀਜ਼ਨ ਜਲੰਧਰ ਨੇ ਸ੍ਰੀ ਕੁਲਵੰਤ ਸਿੰਘ ਨਾਇਬ ਤਹਿਸੀਲਦਾਰ ਨੂੰ ਇਕ ਸੌਦੇ ਦੀ ਘੱਟ ਰੇਟਾਂ ਤੇ ਰਜਿਸਟਰੀ ਕਰਕੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਕਾਰਨ ਮੁਅੱਤਲ ਕਰ ਦਿੱਤਾ ਹੈ। ਸੁਰਜੀਤ ਸਿੰਘ ਬਸਰਾ ਨਾਮੀ ਵਿਅਕਤੀ ਵਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਮਾਲੀਆ ਅਧਿਕਾਰੀਆਂ ਦੇ ਨੋਟਿਸ ਵਿਚ ਆਇਆ ਕਿ ਉਪਰੋਕਤ ਨਾਇਬ ਤਹਿਸੀਲਦਾਰ ਨੇ ਅੱਧਾ ਏਕੜ ਰਕਬਾ ਦੀ ਰਜਿਸਟਰੀ 70 ਲੱਖ ਰੁਪਏ ਪ੍ਰਤੀ ਏਕੜ ਦਾ ਰੇਟ ਲਗਾ ਕੇ ਸਿਰਫ 35 ਲੱਖ ਰੁਪਏ ਵਿਚ ਕਰ ਦਿੱਤੀ ਪਰ ਉਸੇ ਦਿਨ ਉਸ ਨੇ ਇਕ ਹੋਰ ਮਾਮਲੇ ਵਿਚ 5 ਏਕੜ ਭੂਮੀ ਦੀ ਰਜਿਸਟਰੀ 90 ਲੱਖ ਰੁਪਏ ਵਿਚ ਸਿਰਫ 18 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਦਿੱਤੀ। ਇਹ ਜਮੀਨ ਫਗਵਾੜਾ _ ਮੇਹਲੀ ਬਾਈਪਾਸ ਤੇ ਸਥਿਤ ਹੈ। ਇਥੇ 70 ਲੱਖ ਰੁਪਏ ਪ੍ਰਤੀ ਏਕੜ ਦੇ ਚਲ ਰਹੇ ਮਾਰਕਿਟ ਰੇਟ ਅਨੁਸਾਰ ਇਹ ਸੌਦਾ 3.5 ਕਰੋੜ ਰੁਪਏ ਦਾ ਹੋਣਾ ਚਾਹੀਦਾ ਸੀ। ਇਸ ਪ੍ਰਕਾਰ ਇਸ ਸੌਦੇ ਵਿਚ ਸਰਕਾਰ ਨੂੰ 28 ਲੱਖ ਰੁਪਏ ਦੀ ਸਟੈਂਪ ਡਿਊਟੀ ਦੇ ਰੂਪ ਵਿਚ ਆਮਦਨ ਹੋਣੀ ਸੀ ਪਰੰਤੂ ਉਕਤ ਨਾਇਬ ਤਹਿਸੀਲਦਾਰ ਨੇ ਬਹੁਤ ਘੱਟ ਰੇਟਾਂ ਤੇ ਦਸਤਾਵੇਜਾਂ ਦੀ ਰਜਿਸਟਰੀ ਕਰਕੇ ਸਰਕਾਰੀ ਖਜਾਨੇ ਨੂੰ 20.8 ਲੱਖ ਰੁਪਏ ਦਾ ਘਾਟਾ ਪਹੁੰਚਾਇਆ ।
ਇਸ ਮਾਮਲੇ ਦੀ ਇਕ ਸਬ ਡਵੀਜ਼ਨਲ ਮੈਜਿਸਟਰੇਟ ਪੱਧਰ ਦੇ ਅਧਿਕਾਰੀ ਤੇ ਇਨਕੁਆਰੀ ਵੀ ਕਰਵਾਈ ਗਈ। ਐਸ.ਡੀ.ਐਮ.ਨੇ ਮੌਕੇ ਤੇ ਪੁੱਜ ਕੇ ਨੰਬਰਦਾਰ ਅਤੇ ਹੋਰਨਾਂ ਲੋਕਾਂ ਨਾਲ ਗੱਲਬਾਤ ਕੀਤੀ। ਉਸ ਵਲੋਂ ਦਿੱਤੀ ਰਿਪੋਰਟ ਅਨੁਸਾਰ ਇਹ ਜਮੀਨ ਮੁੱਖ ਸੜਕ ਤੇ ਪੈਂਦੀ ਹੈ ਅਤੇ 750 ਫੁੱਟ ਦਾ ਮੱਥਾ ਮੁੱਖ ਸੜਕ ਨੂੰ ਲੱਗਦਾ ਹੈ। ਉਨ•ਾਂ ਅਨੁਸਾਰ ਇਸ ਜਮੀਨ ਦਾ ਰੇਟ 70 ਲੱਖ ਰੁਪਏ ਪ੍ਰਤੀ ਏਕੜ ਦੇ ਕਰੀਬ ਹੋਣਾ ਚਾਹੀਦਾ ਹੈ। ਤਫਤੀਸ਼ ਵਿਚ ਇਹ ਵੀ ਪਤਾ ਲੱਗਾ ਕਿ ਉਪਰੋਕਤ ਨਾਇਬ ਤਹਿਸੀਲਦਾਰ ਸ਼ਾਮ 5.00 ਵਜੇ ਤੋਂ ਬਾਅਦ ਵੀ ਬੈਠਾ ਰਜਿਸਟਰੀਆਂ ਕਰਦਾ ਰਹਿੰਦਾ ਹੈ ਜਦਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਸਤਾਵੇਜਾਂ ਦੀ ਰਜਿਸਟਰੀ ਦਾ ਕੰਮ ਸਿਰਫ ਸ਼ਾਮ 5.00 ਵਜੇ ਤੱਕ ਹੀ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੀ ਰਿਪੋਰਟ ਅਨੁਸਾਰ ਉਪਰੋਕਤ ਨਾਇਬ ਤਹਿਸੀਲਦਾਰ ਅਜਿਹਾ ਆਪਣੇ ਲਾਲਚ ਤੇ ਸਵਾਰਥ ਕਰਕੇ ਕਰਦਾ ਹੈ। ਕਮਿਸ਼ਨਰ ਨੇ ਉਕਤ ਨਾਇਬ ਤਹਿਸੀਲਦਾਰ ਨੂੰ ਵੱਡੀ ਸ਼ਜਾ ਲਈ ਚਾਰਜਸ਼ੀਟ ਕਰ ਦਿੱਤਾ ਹੈ।
ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਇਲਾਕੇ ਦੇ ਪਟਵਾਰੀ ਅਤੇ ਵਸੀਕਾ ਨਵੀਸ ਵਿਰੁੱਧ ਵੀ ਸਖਤ ਕਾਰਵਾਈ ਕਰਨ ਲਈ ਕਿਹਾ ਹੈ ਜਿੰਨਾਂ ਘੱਟ ਮੁੱਲ ਤੇ ਆਂਕੇ ਗਏ ਦਸਤਾਵੇਜ ਅਗਲੇਰੀ ਕਾਰਵਾਈ ਲਈ ਭੇਜੇ। ਉਨ•ਾਂ ਇਸ ਬਾਰੇ ਵਿਸਥਾਰਪੂਰਵਕ ਰਿਪੋਰਟ ਉਨ•ਾਂ ਨੂੰ ਭੇਜਣ ਲਈ ਕਿਹਾ ਹੈ।