ਲੁਧਿਆਣਾ (ਭਾਰਤ ਸੰਦੇਸ਼) – ਸਮਾਜਿਕ, ਆਰਥਿਕ ਤੇ ਜਾਤੀ ਅਧਾਰਤ ਜਨਗਣਨਾ ਲਈ ਲੁਧਿਆਣਾ ਪੂਰਬੀ ਤਹਿਸੀਲ ਦੀਆਂ ਟੀਮਾਂ ਨੂੰ ਕਿੱਟਾਂ ਦੇ ਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਦੀਪ ਅਗਰਵਾਲ ਨੇ ਸਰਵੇ ਦੀ ਸ਼ੁਰੂਆਤ ਲਈ ਰਵਾਨਾ ਕੀਤਾ। ਇਸ ਕਿੱਟ ‘ਚ ਬੈੱਲ ਕੰਪਨੀ ਵੱਲੋਂ ਤਿਆਰ ਕੀਤਾ ਖਾਸ ਕੰਪਿਊਟਰ ਵੀ ਸ਼ਾਮਲ ਹੈ। ਜਨਗਣਨਾ ਸਬੰਧੀ ਲੁਧਿਆਣਾ ਪੂਰਬੀ ਤਹਿਸੀਲ ‘ਚ ਕੁੱਲ 161 ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਤੰਬਰ ਦੇ ਸ਼ੁਰੂ ਵਿਚ ਪਹਿਲਾਂ ਲੁਧਿਆਣਾ ਅਤੇ ਮੋਗਾ ਜ਼ਿਲ੍ਹੇ ਦੇ ਮਾਸਟਰ ਟ੍ਰੇਨਰਜ਼ ਨੂੰ ਬੱਚਤ ਭਵਨ ਵਿਖੇ ਦੋ ਦਿਨਾਂ ਟ੍ਰੇਨਿੰਗ ਦਿੱਤੀ ਗਈ ਸੀ।ਜਿਨ੍ਹਾਂ ਅੱਗੋਂ ਤਹਿਸੀਲ ਪੱਧਰ ‘ਤੇ ਗਿਣਤੀਕਾਰਾਂ ਨੂੰ ਸਿਖਲਾਈ ਦਿੱਤੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਸਮਾਜਿਕ, ਆਰਥਿਕ ਤੇ ਜਾਤੀ ਅਧਾਰਤ ਜਨਗਣਨਾ ਲਈ 2010-11 ‘ਚ ਕਰਵਾਈ ਗਈ ਜਨਗਣਨਾ ਨੂੰ ਹੀ ਆਧਾਰ ਬਣਾਇਆ ਗਿਆ ਹੈ ਅਤੇ ਬਲਾਕ ਵੀ ਉਹੀਂ ਰੱਖੇ ਗਏ ਹਨ, ਜੋ ਉਸ ਸਮੇਂ ਦੌਰਾਨ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਹਰ ਬਲਾਕ ‘ਚ ਰਹਿ ਰਹੇ ਨਾਗਰਿਕਾਂ ਸਬੰਧੀ ਗਿਣਤੀਕਾਰ ਜਾਤ ਅਤੇ ਧਰਮ ਸਬੰਧੀ ਡਾਟਾ ਇਕੱਠਾ ਕਰਨਗੇ ਅਤੇ ਪਰਿਵਾਰਾਂ ਨੂੰ ਪੁੱਛੇ ਗਏ ਸਵਾਲਾਂ ਨੂੰ ਬੈੱਲ ਕੰਪਨੀ ਵੱਲੋਂ ਤਿਆਰ ਕੀਤੇ ਗਏ ਖਾਸ ਕੰਪਿਊਟਰ ‘ਚ ਫੀਡ ਕੀਤਾ ਜਾਵੇਗਾ। ਇਸ ਸਬੰਧੀ ਸਾਰੀ ਜਾਣਕਾਰੀ ਇੱਕੋ ਥਾਂ ਇਕੱਠੀ ਕਰਨ ਲਈ ਤਹਿਸੀਲ ਪੱਧਰ ‘ਤੇ ਇਕ ਸਰਵਰ ਸਥਾਪਿਤ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਚਾਰ ਬਲਾਕਾਂ ਪਿੱਛੇ ਇਕ ਗਿਣਤੀਕਾਰ ਲਾਇਆ ਗਿਆ ਹੈ, ਜਿਨ੍ਹਾਂ ਨੂੰ ਮਾਸਟਰ ਟ੍ਰੇਨਰਜ਼ ਤੋਂ ਟ੍ਰੇਨਿੰਗ ਮਿਲੀ ਹੈ।ਸਮਾਜਿਕ, ਆਰਥਿਕ ਤੇ ਜਾਤੀ ਅਧਾਰਤ ਇਹ ਜਨਗਣਨਾ 40 ਦਿਨ ਤੱਕ ਚੱਲੇਗੀ। ਇਨ੍ਹਾਂ ਗਿਣਤੀਕਾਰਾਂ ਨਾਲ ਇਕ ਡਾਟਾ ਐਂਟਰੀ ਆਪ੍ਰੇਟਰ ਵੀ ਲਗਾਇਆ ਗਿਆ ਹੈ।