ਅੰਮ੍ਰਿਤਸਰ (ਭਾਰਤ ਸੰਦੇਸ਼) – ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-2, ਸ੍ਰ: ਮਨਮੋਹਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਅੱਜ ਉਪ ਮੰਡਲ ਪੱਧਰੀ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸਮੂਹ ਸਰਕਾਰੀ ਤੇ ਗੈਰ ਸਰਕਾਰੀ ਮੈਂਬਰ ਜਿੰਨਾਂ ਵਿੱਚ ਸ੍ਰੀ ਅਨੂਪ ਸ਼ਰਮਾ, ਡੀ:ਐਫ:ਐਸ:ਓ, ਸ੍ਰ ਅਮਰੀਕ ਸਿੰਘ, ਵਧੀਕ ਨਿਗਰਾਨ ਇੰਜ:, ਡਾ: ਰਸਮੀ ਵਿਜ, ਬੀ:ਸੀ: ਜੀ: ਅਫਸਰ, ਸ੍ਰ ਬਿਕਰਮਜੀਤ ਸਿੰਘ ਪੂਰੇਵਾਲ, ਤਹਿਸੀਲ ਭਲਾਈ ਅਫਸਰ ਅਤੇ ਮੈਂਬਰ ਬੌਬੀ ਸੇਠ, ਸ੍ਰੀ ਬਲਵਿੰਦਰ ਕੁਮਾਰ, ਸ੍ਰੀ ਵਰਿੰਦਰਜੀਤ ਸਿੰਘ, ਸ੍ਰੀ ਗੁਰਦਿਆਲ ਸਿੰਘ ਲਾਹੌਰੀ ਮੱਲ, ਸ਼੍ਰੀਮਤੀ ਗੀਤਾ ਸ਼ਰਮਾ, ਸ੍ਰੀ ਸਤਨਾਮ ਸਿੰਘ, ਕਾਮਰੇਡ ਮੁਲਖ ਰਾਜ ਅਤੇ ਸਰਪੰਚ ਸ੍ਰ ਕੰਵਲਜੀਤ ਸਿੰਘ ਸ਼ਾਮਲ ਹਨ, ਨੇ ਸ਼ਿਰਕਤ ਕੀਤੀ।
ਕਮੇਟੀ ਮੈਂਬਰਾਂ ਵੱਲੋਂ ਪ੍ਰਮੁੱਖ ਤੌਰ ਤੇ ਸੜਕਾਂ, ਸਟਰੀਟ ਲਾਈਟਾਂ, ਸੀਵਰੇਜ, ਪੈਨਸ਼ਨ ਕਾਰਡ, ਨਕਲੀ ਦੁੱਧ ਵੇਚਣ , ਨਸ਼ਿਆਂ, ਅਵੈਧ ਉਸਾਰੀਆਂ, ਟ੍ਰੈਫਿਕ, ਲਮਕ ਰਹੀਆਂ ਬਿਜਲੀ ਦੀਆਂ ਤਾਰਾਂ, ਪੁਲਿਸ ਗਸ਼ਤ ਵਧਾਉਣ, ਜਿਮੀਂਦਾਰਾਂ ਵੱਲੋਂ ਸੜਕਾਂ ਨੂੰ ਪੁੱਟ ਕੇ ਖੇਤਾਂ ਨਾਲ ਮਿਲਾਉਣ ਆਦਿ ਸਬੰਧੀ ਸਮੱਸਿਆਵਾਂ ਰੱਖੀਆਂ ਗਈਆਂ।
ਸ੍ਰ ਮਨਮੋਹਨ ਸਿੰਘ ਨੇ ਮੌਕੇ ਤੇ ਹੀ ਸਬੰਧਤ ਅਫਸਰਾਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਦੇਸ਼ ਦਿੱਤੇ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਨੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਮੀਟਿੰਗ ਤੋਂ ਪਹਿਲਾਂ ਮਿਥੇ ਸਮੇਂ ਦੇ ਅੰਦਰ ਅੰਦਰ ਲਿਖਤੀ ਰੂਪ ਵਿੱਚ ਸ਼ਿਕਾਇਤਾ ਉਨ੍ਹਾਂ ਪਾਸ ਭੇਜੀਆਂ ਜਾਣ ਤਾਂ ਜੋ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਆਦੇਸ਼ ਦੇਣ ਦੀ ਥਾਂ ਉਨ੍ਹਾਂ ਸ਼ਿਕਾਇਤਾਂ ਤੇ ਕੀਤੀ ਕਾਰਵਾਈ ਦਾ ਜਾਇਜਾ ਲਿਆ ਜਾ ਸਕੇ ਅਤੇ ਸਬੰਧਤ ਧਿਰਾਂ ਨੂੰ ਮੀਟਿੰਗ ਦੌਰਾਨ ਸੂਚਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤਾਂ ਪਹਿਲਾਂ ਪ੍ਰਾਪਤ ਹੋਣਗੀਆਂ ਤਾਂ ਉਨ੍ਹਾਂ ਤੇ ਕਾਰਵਾਈ ਜਲਦੀ ਆਰੰਭ ਹੋ ਸਕੇਗੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਪੁੱਜੇਗੀ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਹੀ ਸ਼ਿਕਾਇਤ ਨਿਵਾਰਣ ਕਮੇਟੀ ਦਾ ਮਕਸਦ ਸਹੀ ਅਰਥਾਂ ਵਿੱਚ ਪੂਰਾ ਹੋਵੇਗਾ।