September 30, 2011 admin

ਡਿਪਟੀ ਕਮਿਸ਼ਨਰ ਵੱਲੋਂ ਬਰਨਾਲਾ ਸ਼ਹਿਰ ਦੇ ਦਫਤਰਾਂ ਦਾ ਅਚਨਚੇਤ ਦੌਰਾ, ਗੈਰ ਹਾਜ਼ਰ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ


ਕਰ ਅਤੇ ਆਬਕਾਰੀ ਵਿਭਾਗ ਬਰਨਾਲਾ ਦੇ 10 ਮੁਲਾਜ਼ਮ ਗੈਰ ਹਾਜ਼ਰ

ਬਰਨਾਲਾ- ਸਰਕਾਰੀ ਅਦਾਰਿਆਂ ਵਿੱਚ ਉੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਤਹਿਤ ਅੱਜ ਸਵੇਰੇ ਇੱਕ ਵਾਰ ਫਿਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ ਵੱਲੋਂ ਬਰਨਾਲਾ ਸ਼ਹਿਰ ਵਿੱਚ ਪੈਂਦੇ ਕਰ ਅਤੇ ਆਬਕਾਰੀ ਵਿਭਾਗ, ਪਸ਼ੂ ਹਸਪਤਾਲ, ਸੀ| ਡੀ| ਪੀ| ਓ| ਦਫਤਰ, ਸੀਵਰੇਜ ਬੋਰਡ ਅਤੇ ਨਗਰ ਕੌਂਸਲ ਬਰਨਾਲਾ ਦੇ ਦਫਤਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਗੈਰ ਹਾਜ਼ਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ।
ਅੱਜ ਸਵੇਰੇ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਕਰ ਅਤੇ ਆਬਕਾਰੀ ਵਿਭਾਗ ਦਾ ਦਫਤਰ ਚੈੱਕ ਕੀਤਾ ਜਿਥੇ ਸਾਰਾ ਸਟਾਫ ਹੀ ਗੈਰ ਹਾਜ਼ਰ ਸੀ। ਇਸ ਵਿਭਾਗ ਦੇ ਕਰਮਚਾਰੀ ਰਾਜੀਵ ਪੁਰੀ, ਰਵਿੰਦਰ ਸਿੰਘ, ਪਰਵੀਨ ਜੋਸ਼ੀ, ਦੀਪਕਾ, ਹਰਦੇਵ ਸਿੰਘ ਅਤੇ ਰਾਜੇਸ਼ ਕੁਮਾਰ ਜੋ ਕਿ ਸਾਰੇ ਹੀ ਇੰਸਪੈਕਟਰ ਹਨ ਡਿਊਟੀ ਤੋਂ ਗੈਰ ਹਾਜ਼ਰ ਪਾਏ ਗਏ। ਹਾਜ਼ਰੀ ਰਜਿਸਟਰ ਚੈੱਕ ਕਰਨ `ਤੇ ਪਤਾ ਲੱਗਿਆ ਕਿ ਇੰਸਪੈਕਟਰ ਦੀਪਕਾ ਤਾਂ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਗੈਰ ਹਾਜ਼ਰ ਚਲੀ ਆ ਰਹੀ ਸੀ। ਇਸ ਤੋਂ ਇਲਾਵਾ ਇਸੇ ਹੀ ਦਫਤਰ ਦੇ ਕਰਮਚਾਰੀ ਦਵਿੰਦਰ ਸਿੰਘ ਯੂਨੀਅਰ ਸਹਾਇਕ, ਰਣਜੀਤ ਸਿੰਘ ਸਟੈਨੋ, ਰਾਜਵਿੰਦਰ ਸਿੰਘ ਅਤੇ ਕਮਲਦੀਪ ਸਿੰਘ ਕਲਰਕ ਵੀ ਗੈਰ ਹਾਜ਼ਰ ਸਨ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਪਸ਼ੂ ਹਸਪਤਾਲ ਬਰਨਾਲਾ ਦਾ ਨਿਰੀਖਣ ਕੀਤਾ ਅਤੇ ਹਾਜ਼ਰੀ ਰਜਿਸਟਰ ਚੈੱਕ ਕਰਨ ਤੇ ਸਾਹਮਣੇ ਆਇਆ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ ਸੁਖਦਿਆਲ ਸਿੰਘ ਪਿਛਲੇ ਚਾਰ ਦਿਨਾਂ ਤੋਂ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਸਨ। ਸੀਵਰਜ ਬੋਰਡ ਬਰਨਾਲਾ ਦੇ ਦਫਤਰ ਦੀ ਚੈਕਿੰਗ ਦੌਰਾਨ ਸਾਰਾ ਸਟਾਫ ਹਾਜ਼ਰ ਪਾਇਆ ਗਿਆ ਪਰ ਐੱਸ| ਡੀ| ਓ| ਸੀਵਰਜ ਬੋਰਡ ਡਿਪਟੀ ਕਮਿਸ਼ਨਰ ਦੇ ਹੁੰਦਿਆਂ ਡਿਊਟੀ `ਤੇ ਲੇਟ ਆਏ। ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿੱਚ ਵੀ ਸਾਰਾ ਸਟਾਫ ਹਾਜ਼ਰ ਪਾਇਆ ਗਿਆ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਅਤੇ ਲੇਟ ਆਉਣ ਵਾਲੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਅਤੇ ਸਮੇਂ ਦੀ ਕਦਰ ਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ `ਤੇ ਬਖਸ਼ਿਆ ਨਹੀਂ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਾਕਾਰੀ ਦਫਤਰਾਂ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਮਕਸਦ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਰਕਾਰੀ ਦਫਤਰਾਂ ਦੀ ਵਿਸ਼ੇਸ ਚੈਕਿੰਗ ਦੀ ਮੁਹਿੰਮ ਆਰੰਭੀ ਹੋਈ ਹੈ, ਜਿਸ ਤਹਿਤ ਡਿਊਟੀ ਸਮੇਂ ਕੋਤਾਹੀ ਕਰਨ ਵਾਲੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਮੁਹਿੰਮ ਵਿੱਚ ਆਪਣਾ ਸਾਥ ਦੇਣ ਅਤੇ ਜਿਸ ਦਫਤਰ ਵਿੱਚ ਕਰਮਚਾਰੀ ਜਾਂ ਅਧਿਕਾਰੀ ਗੈਰ ਹਾਜ਼ਰ ਰਹਿੰਦੇ ਹਨ ਜਾਂ ਲੇਟ ਆਉਂਦੇ ਹਨ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਅਜਿਹੇ ਗੈਰ ਜਿੰਮੇਵਾਰ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ।

Translate »