ਸਰਕਾਰੀ ਉਪਰਾਲਿਆਂ ਦੇ ਬਾਵਜੂਦ ਆਂਕੜੇ ਚਿਤਾਜਨਕ
ਅਕੇਸ਼ ਕੁਮਾਰ
98880-31426
ਨਰਾਤਿਆਂ ਵਿੱਚ ਕੰਜਕਾ ਨੂੰ ਦੇਵੀ ਦਾ ਰੂਪ ਮੰਨ ਕੇ ਪੁਜਿਆ ਜਾਂਦਾ ਹੈ ਪਰ ਜੱਦ ਇਹੋ ਦੇਵੀ ਆਪਣੇ ਘਰ ਜਨਮ ਲੈਂਦੀ ਹੈ ਤੇ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਕਈ ਘਰਾਂ ਵਿੱਚ ਉਦਾਸੀ ਤੇ ਗਮੀ ਦਾ ਮਹੌਲ ਛਾ ਜਾਂਦਾ ਹੈ। 2011 ਦੀ ਜਨਗਣਨਾ ਤੋਂ ਬਾਅਦ ਜਿਹੜੇ ਆਂਕੜੇ ਸਾਮਣੇ ਆਏ ਹਨ ਉਹ ਸੋਚ ਵਿੱਚ ਪਾ ਦੇਣ ਵਾਲੇ ਹਨ। ਇਸ ਜਨਗਣਨਾ ਮੁਤਾਬਕ ਭਾਰਤ ਦੀ ਕੁੱਲ ਅਬਾਦੀ 1,21,01,93,422 ਹੈ ਤੇ ਇਸ ਵਿੱਚ ਲਿੰਗ ਅਨੁਪਾਤ 940 ਹੈ ਯਾਨੀ 1000 ਮਰਦਾਂ ਦੀ ਤੁਲਨਾ ਵਿੱਚ 940 ਔਰਤਾਂ ਹਨ। ਪੂਰੇ ਭਾਰਤ ਵਿੱਚ ਅਜਿਹੇ ਬੱਸ ਦੋ ਹੀ ਸੂਬੇ ਹਨ ਜਿਹਨਾਂ ਵਿੱਚ ਇਹ ਅਨੁਪਾਤ ਔਰਤਾਂ ਦੇ ਹੱਕ ਵਿੱਚ ਹੈ, ਇਹ ਹਨ ਕੇਰਲ ਤੇ ਪਾਂਡੁਚੇਰੀ। ਕੇਰਲ ਵਿੱਚ ਇਹ ਅਨੁਪਾਤ 1000:1084 ਤੇ ਪਾਂਡੁਚੇਰੀ ਵਿੱਚ 1000:1038 ਹੈ। ਬਾਕੀ ਸਾਰੇ ਰਾਜਾਂ ਵਿੱਚ ਤਾਂ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਦੀ ਗਿਣਤੀ ਘੱਟ ਹੀ ਹੈ। 1000 ਮਰਦਾਂ ਦੀ ਤੁਲਨਾ ਵਿੱਚ ਜੰਮੂ ਕਸ਼ਮੀਰ ਵਿੱਚ 883 ਔਰਤਾਂ, ਹਿਮਾਚਲ ਪ੍ਰਦੇਸ਼ ਵਿੱਚ 974, ਪੰਜਾਬ ਵਿੱਚ 893, ਚੰਡੀਗੜ ਵਿੱਚ 818, ਉਤਰਾਖੰਡ ਵਿੱਚ 963, ਹਰਿਆਣਾ ਵਿੱਚ 877, ਦਿੱਲੀ ਵਿੱਚ 866, ਰਾਜਸਥਾਨ ਵਿੱਚ 926, ਉਦਰ ਪ੍ਰਦੇਸ਼ ਵਿੱਚ 908, ਬਿਹਾਰ ਵਿੱਚ 916, ਸਿਕੱਮ ਵਿੱਚ 889, ਅਰੁਣਾਚਲ ਪ੍ਰਦੇਸ਼ ਵਿੱਚ 920, ਨਾਗਾਲੈਂਡ ਵਿੱਚ 931, ਮਨੀਪੁਰ ਵਿੱਚ 987, ਮਿਜੋਰਮ ਵਿੱਚ 975, ਤ੍ਰਿਪੁਰਾ 961, ਮੇਘਾਲਿਆ ਵਿੱਚ 986, ਅਸਾਮ ਵਿੱਚ 954, ਪੱਛਮੀ ਬੰਗਾਲ ਤੇ ਝਾਰਖੰਡ ਵਿੱਚ 947, ਉੜੀਸਾ 978, ਛਤੀਸਗੜ 991, ਮੱਧਪ੍ਰਦੇਸ਼ 920, ਗੁਜਰਾਤ 918, ਦਮਨ ਤੇ ਦਿਉ ਵਿੱਚ 618, ਦਾਦਰਾ ਤੇ ਨਗਰ ਹਵੇਲੀ ਵਿੱਚ 775, ਮਹਾਰਾਸ਼ਟਰ 925, ਆਂਧਰ ਪ੍ਰਦੇਸ਼ 992, ਕਰਨਾਟਕ ਤੇ ਗੋਆ ਵਿੱਚ 968, ਲਕਸ਼ਦੀਪ ਵਿੱਚ 946, ਕੇਰਲ ਵਿੱਚ 1084, ਤਮਿਲਨਾਡੁ ਵਿੱਚ 995, ਪਾਂਡੁਚੇਰੀ ਵਿੱਚ 1038 ਤੇ ਅੰਡੇਮਾਨ ਨਿਕੋਬਾਰ ਵਿੱਚ 878 ਔਰਤਾਂ ਦਾ ਅਨੁਪਾਤ ਹੈ। ਇਹ ਅਨੁਪਾਤ ਸਭ ਤੋਂ ਘੱਟ ਦਮਨ ਤੇ ਦਿਉ ਵਿੱਚ ਹੈ ਜਿੱਥੇ ਦੀ ਕੁੱਲ ਅਬਾਦੀ 2,42,911 ਵਿੱਚ 1,50,100 ਮਰਦ ਤੇ 92,811 ਔਰਤਾਂ ਹਨ। ਇੱਥੇ ਲਿੰਗ ਅਨੁਪਾਤ 1000 ਮਰਦਾਂ ਦੀ ਤੁਲਣਾ ਵਿੱਚ 618 ਔਰਦਾਂ ਦਾ ਬੈਠਦਾ ਹੈ ਜੋਕਿ ਬਹੁਦ ਹੀ ਘੱਟ ਹੈ। ਇਸ ਸਾਰੀ 35 ਸੁਬਿਆਂ ਦੀ ਸੁਚੀ ਵਿੱਚ ਪੰਜਾਬ 27 ਵੇਂ ਨੰਬਰ ਤੇ ਆਉਂਦਾ ਹੈ ਤੇ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ 32 ਵੇਂ ਨੰਬਰ ਤੇ ਸਾਡੇ ਪੰਜਾਬ ਦੀ ਰਾਜਧਾਨੀ ਚੰਡੀਗੜ 33 ਵੇਂ ਨੰਬਰ ਤੇ ਆਉਂਦੀ ਹੈ। ਯਾਨੀ ਹੇਂਠਿਓ ਤਿਸਰੇ ਤੇ ਚੋਥੇ ਨੰਬਰ ਤੇ। ਇਸਨੂੰ ਆਖਦੇ ਹਨ ਦੀਵੇ ਹੇਂਠ ਹਨੇਰਾ। ਜਿੱਥੇ ਕੇਂਦਰ ਅਤੇ ਸੂਬਾ ਸਰਕਾਰਾਂ ਬੈਠੀਆਂ ਹਨ ਉੱਥੇ ਦਾ ਹੀ ਇੰਨਾ ਮਾੜਾ ਹਾਲ ਹੈ।
ਇਹਨਾਂ ਆਕੜਿਆਂ ਨੇ ਹਰ ਬੁੱਧੀਜੀਵੀ ਇਨਸਾਨ ਨੂੰ ਸੋਚ ਵਿੱਚ ਪਾ ਦਿੱਤਾ ਹੈ ਕਿ ਕੰਨਿਆ ਭਰੂਣ ਹਤਿਆ ਹੋ ਰਹੀ ਹੈ ਅਤੇ ਸਰਕਾਰ ਦੇ ਲੱਖ ਯਤਨਾਂ ਤੋਂ ਬਾਦ ਵੀ ਕੁੱਖ ਵਿੱਚ ਹੀ ਮੁੰਡੇ ਜਾਂ ਕੁੜੀ ਦੀ ਜਾਂਚ ਕਰਵਾ ਕੇ ਮਾਂ ਪਿਓ ਅਜਨਮੀ ਧੀ ਤੋਂ ਉਸਦੇ ਜੀਣ ਦਾ ਹੱਕ ਖੋਹ ਰਹੇ ਹਨ। । ਅਨਜਮੀ ਧੀ ਨੂੰ ਮਾਰਨ ਤੋਂ ਰੋਕਨ ਲਈ ਸਰਕਾਰ ਦੇ ਨਾਲ ਸਭ ਲੋਕਾਂ ਨੂੰ ਵੀ ਹੰਭਲਾ ਮਾਰਨਾ ਪਵੇਗਾ ਅਤੇ ਸਮਾਜ ਵਿੱਚ ਫੈਲੀ ਦਹੇਜ ਦੀ ਬਿਮਾਰੀ ਨੂੰ ਖਤਮ ਕਰਨਾ ਪਵੇਗਾ। ਅਜਨਮੀਆਂ ਧੀਆਂ ਦੀ ਰਖਿਆ ਤੇ ਜਨਮ ਤੋਂ ਪਹਿਲਾਂ ਹੀ ਬੱਚੇ ਦੇ ਲਿੰਗ ਦੀ ਜਾਂਚ ਨੂੰ ਰੋਕਣ ਲਈ 1994 ਵਿੱਚ ਇਸ ਸੰਬੰਧ ਵਿੱਚ ਕਾਨੂੰਨ ਬਣਾਇਆ ਗਿਆ ਜਿਸ ਅਨੁਸਾਰ ਲਿੰਗ ਦੀ ਜਾਂਚ ਕਰਵਾਉਣ ਜਾਂ ਕੰਨਿਆ ਭਰੂਣ ਹੱਤਿਆ ਦੇ ਦੋਸ਼ੀ ਲਈ ਸਖਤ ਸਜਾ ਤੈਅ ਕੀਤੀ ਗਈ ਹੈ। ਪਰ ਇੱਕਲੇ ਕਾਨੂੰਨ ਬਣਾਉਣ ਨਾਲ ਹੀ ਕੁੱਝ ਨਹੀਂ ਹੋਣਾ ਜਦੋਂ ਤੱਕ ਕਿ ਸਮਾਜ ਦੇ ਲੋਕਾਂ ਦਾ ਕੁੜੀਆਂ ਪ੍ਰਤੀ ਨਜਰੀਆ ਨਹੀਂ ਬਦਲਦਾ ਤੇ ਇਸੇ ਨਜਰੀਏ ਨੂੰ ਬਦਲਣ ਦੇ ਯਤਨ ਲਈ ਹੀ ਸਰਕਾਰ ਵਲੋਂ ‘ਧੰਨਲਕਸ਼ਮੀ’ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਕੁੜੀ ਦੇ ਜਨਮ ਤੇ ਇਨਸੈਨਟਿਵ ਦਿੱਤਾ ਜਾਂਦਾ ਹੈ। ਕਈ ਸੂਬਾ ਸਰਕਾਰਾਂ ਵਲੋਂ ਵੀ ਆਪਣੇ ਪੱਧਰ ਤੇ ਕੁੜੀ ਦੇ ਜਨਮ ਨੂੰ ਹੱਲਾਸ਼ੇਰੀ ਦੇਣ ਲਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਤੇ ਕਈ ਐਨ ਜੀ ਓ ਤੇ ਨਿਜੀ ਸੰਸਥਾਵਾਂ ਵੀ ਲੋਕਾਂ ਨੂੰ ਜਾਗਰੁਕ ਕਰਣ ਲਈ ਅਭਿਆਨ ਚਲਾ ਰਹੀਆਂ ਹਨ। ਕੌਮੀ ਪੱਧਰ ਤੇ ਕੁੜੀਆਂ ਪ੍ਰਤੀ ਜਾਗਰੁੱਕਤਾ ਲਿਆਉਣ ਲਈ 2009 ਵਿੱਚ 24 ਜਨਵਰੀ ਨੂੰ ਕੌਮੀ ਬਾਲਿਕਾ ਦਿਵਸ ਘੋਸ਼ਿਤ ਕੀਤਾ ਗਿਆ ਹੈ। ਇਸ ਦਿਨ ਕੇਂਦਰੀ ਤੇ ਸੂਬਾ ਸਰਕਾਰਾਂ ਵਲੋਂ ਕੁੜੀਆਂ ਦਾ ਸਮਾਜਿਕ ਪੱਧਰ ਸੁਧਾਰਣ ਲਈ ਯਤਨ ਕੀਤੇ ਜਾਂਦੇ ਹਨ। ਇਹਨਾ ਯਤਨਾ ਸਦਕਾ ਹੀ ਹਾਲਾਤ ਮਾਮੂਲੀ ਜਿਹੇ ਸੁਧਰੇ ਵੀ ਹਨ। 2001 ਦੀ ਜਣਗਨਣਾ ਮੁਤਾਬਕ ਕੌਮੀ ਪੱਧਰ ਤੇ ਔਰਤਾਂ ਦਾ ਅਨੁਪਾਤ 933 ਸੀ ਜੋਕਿ ਥੋੜਾ ਜਿਹਾ ਵੱਧ ਕੇ 940 ਹੋ ਗਿਆ ਹੈ ਤੇ ਪੰਜਾਬ ਵਿੱਚ ਇਹ 876 ਤੋਂ ਵੱਧ ਕੇ 893 ਹੋ ਗਿਆ ਹੈ।
ਸਰਕਾਰ ਵਲੋਂ ਕਾਨੂੰਨ ਵੀ ਬਣਾਏ ਗਏ ਹਨ ਤੇ ਯੋਜਨਾਵਾਂ ਵੀ ਪਰ ਕੋਈ ਵੀ ਕਾਨੂੰਨ ਜਾਂ ਕੋਈ ਵੀ ਯੋਜਨਾ ਉਦੋਂ ਤੱਕ ਸਿਰੇ ਨਹੀਂ ਚੜਦੀ ਜੱਦ ਤੱਕ ਕਿ ਸਮਾਜ ਦੀ ਸੋਚ ਤੇ ਨਜਰੀਆ ਨਾ ਬਦਲੇ। ਥਾਂ ਥਾਂ ਹਸਪਤਾਲਾਂ ਵਿੱਚ ਇਹ ਬੋਰਡ ਲੱਗੇ ਮਿਲ ਜਾਂਦੇ ਹਨ ਕਿ ‘ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ’ ਪਰ ਫਿਰ ਵੀ ਅਜਿਹੇ ਕੰਮ ਪ੍ਰਾਈਵੇਟ ਤੌਰ ਤੇ ਹੋ ਰਹੇ ਹਨ। ਸਿਰਫ ਅਨਪੜ੍ਹ ਜਾਂ ਗਰੀਬ ਹੀ ਇਸ ਦੇ ਦੋਸ਼ੀ ਨਹੀਂ ਹਨ ਸਗੋਂ ਜਿਆਦਾ ਪੜੇ ਲਿਖੇ ਤੇ ਜਿਆਦਾ ਸਾਧਨ ਸੰਪੰਨ ਲੋਕ ਵੀ ਇਸ ਬਿਮਾਰੀ ਤੋਂ ਬਚੇ ਨਹੀ ਹਨ। ਉਪਰ ਦਿੱਤੇ ਗਏ ਆਂਕੜਿਆਂ ਤੋਂ ਸਪਸ਼ਟ ਹੈ ਕਿ ਕਈ ਰਾਜਾਂ ਵਿੱਚ ਹਾਲਾਤ ਕਿੰਨੇ ਖਰਾਬ ਹਨ ਤੇ ਜੇ ਅਜਿਹੇ ਹੀ ਹਲਾਤ ਰਹੇ ਤਾਂ ਉਥੇ ਵਿਆਹ ਲਈ ਕੁੜੀਆਂ ਦਾ ਮਿਲਣਾ ਔਖਾ ਹੋ ਜਾਵੇਗਾ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜੱਦ ਆਪਣੇ ਆਪ ਨੂੰ ਉਨੱਤ ਰਾਜ ਕਹਿਣ ਵਾਲੇ ਸੂਬਿਆਂ ਵਿੱਚ ਵੀ ਅਜਿਹੇ ਹੀ ਹਾਲਾਤ ਵੇਖਣ ਨੂੰ ਮਿਲਦੇ ਹਨ। ਅੱਜ ਤੋਂ 50 ਸਾਲ ਪਿੱਛੇ ਚਲੇ ਜਾਓ ਤਾਂ ਵੀ ਹਾਲਾਤ ਇੰਝ ਹੀ ਸਨ ਤੇ ਅੱਜ ਇਨਾਂ੍ਹ ਪੜ ਲਿਖ ਤੇ ਤਰੱਕੀ ਕਰਣ ਮਗਰੋਂ ਵੀ ਅਸੀਂ ਧੀਆਂ ਨੂੰ ਕੁੱਖਾਂ ਵਿੱਚ ਹੀ ਖਤਮ ਕਰ ਰਹੇ ਹਾਂ। ਜੇਕਰ ਉਹਨਾ ਅਜਮੀਆਂ ਨੂੰ ਬੋਲਣ ਦਾ ਮੌਕਾ ਮਿਲੇ ਤਾਂ ਉਹ ਚੀਕ ਚੀਕ ਕੇ ਆਪਣੀਆਂ ਮਾਵਾਂ ਤੋਂ ਜਿੰਦਗੀ ਦੀ ਹੀ ਫਰੀਆਦ ਕਰਣ। ਸਮਾਜ ਤੋਂ ਪਹਿਲਾਂ ਇੱਕ ਮਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਜੇਕਰ ਮਾਂ ਹੀ ਠਾਣ ਲਵੇ ਦਾਂ ਉਸਦੀ ਕੁੱਖ ਵਿੱਚ ਪਲਦੀ ਧੀ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਨਾਲ ਹੀ ਲੋੜ ਹੈ ਸਮਾਜ ਚੋਂ ਦਾਜ ਵਰਗੀਆਂ ਕੁਰੀਤੀਆਂ ਨੂੰ ਦੂਰ ਕਰਣ ਦੀ ਤੇ ਕੁੜੀਆਂ ਲਈ ਇੱਕ ਸੁਸਰਖਿਅਤ ਮਹੌਲ ਤੇ ਸਮਾਜ ਤਿਆਰ ਕਰਨ ਦੀ ਤਾਂ ਜੋ ਮਾਂ ਪਿਓ ਧੀ ਨੂੰ ਜਿੰਮੇਵਾਰੀ ਨਾ ਸਮਝਣ ਸਗੋਂ ਘਰ ਦੀ ਲਛਮੀ ਦਾ ਮਾਨ ਦੇਣ।
ਲੋਕਾਂ ਦੀ ਸੋਚ ਹੈ ਕਿ ਵੰਸ਼ ਨੂੰ ਅੱਗੇ ਪੁੱਤ ਹੀ ਤੋਰਦਾ ਹੈ ਪਰ ਵੰਸ਼ ਚਲਾਉਣ ਵਾਲੇ ਨੂੰ ਜਨਮ ਤਾਂ ਨਾਰੀ ਹੀ ਦਿੰਦੀ ਹੈ। ਕਈ ਅਜਿਹੇ ਰਿਸ਼ਤੇ ਹਨ ਜਿਨਾਂ੍ਹ ਦੀ ਰੌਣਕ ਕੁੜੀਆਂ ਬਿਨਾਂ ਅਧੁਰੀ ਹੈ। ਇੱਕ ਪਿਓ ਨੂੰ ਬਾਬੁਲ ਕਹਾਉਣ ਦਾ ਮਾਨ ਕੁੜੀ ਹੀ ਬਖਸ਼ਦੀ ਹੈ ਤੇ ਪੇਕਾ ਵੀ ਕੁੜੀਆਂ ਦਾ ਹੀ ਹੁੰਦਾ ਹੈ। ਮੁੰਡਾ ਤਾਂ ਇੱਕ ਘਰ ਦਾ ਚਿਰਾਗ ਹੈ ਪਰ ਕੁੜੀ ਦੋ ਘਰ ਰੌਸ਼ਨ ਕਰਦੀ ਹੈ। ਸਾਲ ਵਿੱਚ ਦੋ ਵਾਰ ਬੱਸ ਨਰਾਤਿਆਂ ਵੇਲੇ ਕੁੜੀਆਂ ਨੂੰ ਦੇਵੀ ਦਾ ਰੂਪ ਮੰਨ ਕੇ ਸਾਡੀ ਜਿੰਮੇਵਾਰੀ ਪੂਰੀ ਨਹੀਂ ਹੋ ਜਾਂਦੀ। ਜਰੂਰਤ ਹੈ ਧੀਆਂ ਨੂੰ ਸਦਾ ਉਹ ਮਾਨ ਦੇਣ ਦੀ ਜੋ ਉਹਨਾਂ ਨੂੰ ਪੁਜਣ ਵੇਲੇ ਅਸੀਂ ਦਿੰਦੇ ਹਾਂ। ਕਿਸੇ ਵੀ ਘਰ ਦਾ ਕੋਈ ਵੀ ਸ਼ੁਭ ਕਾਰਜ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਉਸ ਵਿੱਚ ਘਰ ਦੀ ਧੀ ਭੈਣ ਦਾ ਹੱਥ ਨਾ ਲੱਗੇ ਫਿਰ ਕਿੰਝ ਅਸੀਂ ਉਹਨਾਂ ਤੋਂ ਹੀ ਆਪਣਾ ਮੂੰਹ ਮੋੜ ਸਕਦੇ ਹਾਂ? ਦੇਵੀ ਮਾਤਾ ਸਾਡੇ ਤੋਂ ਉਦੋਂ ਤੱਕ ਖੁਸ਼ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਉਸਦੇ ਕੰਜਕ ਰੂਪ ਦਾ ਇੰਝ ਹੀ ਨਿਰਾਦਰ ਕਰਦੇ ਰਹਾਂਗੇ। ਇਸ ਵਾਰ ਕੰਜਕ ਪੂਜਣ ਤੋਂ ਪਹਿਲਾਂ ਇੱਕ ਵਾਰ ਇਹ ਵਿਚਾਰ ਜਰੂਰ ਕਰਨਾ ਕਿ ਸੱਚ ਵਿੱਚ ਤੁਹਾਨੂੰ ਇਹ ਪੂਜਣ ਦਾ ਹੱਕ ਹੈ ਵੀ ਕਿ ਨਹੀਂ? ਕੀ ਤੁਸੀਂ ਅਜਿਹਾ ਕੁੱਝ ਕਰਣ ਤਾਂ ਨਹੀਂ ਜਾ ਰਹੇ ਜੋ ਕੱਲ੍ਹ ਨੂੰ ਤੁਹਾਨੂੰ ਤੁਹਾਡੀਆਂ ਨਜਰਾਂ ਵਿੱਚ ਹੀ ਸੁੱਟ ਦੇਵੇ?