ਅੰਮ੍ਰਿਤਸਰ, – ਬਾਲ ਚਿੱਤਰ ਸਮਿਤੀ, ਭਾਰਤ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 3 ਅਕਤੂਬਰ ਤੋਂ 10 ਅਕਤੂਬਰ, 2011 ਤੱਕ ਬਾਲ ਚਿੱਤਰ ਫਿਲਮ ਉਤਸਵ ਅੰਮ੍ਰਿਤਸਰ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਦੇ 10 ਚੋਣਵੇਂ ਸਿਨੇਮਿਆਂ ਵਿੱਚ ਬੱਚਿਆਂ ਨੂੰ ਪ੍ਰਮੁੱਖ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ ਜਿੰਨਾਂ ਵਿੱਚ ਛੋਟਾ ਸਿਪਾਹੀ, ਯੇਹ ਹੈ ਚੱਕਡ ਬੱਕੜ, ਹੇਡਾ ਹੋਡਾ, ਕਰਾਮਾਤੀ ਕੋਟ, ਸੁਰੂਭੀ, ਹਾਥੀ ਦਾ ਅੰਡਾ, ਦੀ ਗੋਲ, ਛੂ ਲੇਂਗੇ ਅਕਾਸ਼, ਗਿਲੀ ਗਿਲੀ ਅੱਟਾ ਅਤੇ ਸਿਕਸਰ ਸ਼ਾਮਲ ਹਨ।
ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਫਿਲਮਾਂ ਦੇ ਦਿਖਾਉਣ ਨਾਲ ਸ਼ਹਿਰ ਦਾ ਵਿਦਿਆਰਥੀ ਵਰਗ ਪੱਛਮੀ ਕਲਚਰ ਅਤੇ ਆਧੁਨਿਕ ਵਾਤਾਵਰਣ ਤੋਂ ਪ੍ਰਭਾਵਿਤ ਹੋ ਕੇ ਮਾੜੀ ਸੰਗਤ ਤੋਂ ਬਚੇਗਾ ਅਤੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪ੍ਰਫੁੱਲਤ ਹੋਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਹ ਫਿਲਮਾਂ ਮੁਫ਼ਤ ਦਿਖਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਸ਼ਹਿਰ ਵਾਂਗ ਪੇਂਡੂ ਖੇਤਰ ਵਿੱਚ ਪੈਂਦੇ ਸਕੂਲਾਂ ਦੇ ਬੱਚਿਆਂ ਦੇ ਬੇਹਤਰ ਭਵਿੱਖ ਲਈ ਸਿਖਿਆਦਾਇਕ ਫਿਲਮਾਂ ਦੇ 50 ਸ਼ੋਅ ਦਿਖਾਏ ਜਾਣਗੇ। ਇਸ ਮੰਤਵ ਲਈ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਅੰਮ੍ਰਿਤਸਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਸਿਨੇਮਿਆਂ ਦੇ ਸ਼ੋਅ ਵਿੱਚ ਵੱਧ ਤੋਂ ਵੱਧ ਸਕੂਲੀ ਬੱਚਿਆਂ ਦੀ ਸ਼ਮੂਲੀਅਤ ਕਰਵਾਉਣ।