ਮਾਨਸਾ- : ਦਫਤਰ ਡਿਪਟੀ ਕਮਿਸ਼ਨਰ ਮਾਨਸਾ ਦੇ ਸੁਪਰਡੈਂਟ ਸ੍ਰ. ਹਰੀ ਸਿੰਘ ਅੱਜ ਆਪਣੀ 32 ਸਾਲਾਂ ਦੀ ਸਰਕਾਰੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਗਏ ਹਨ। 10 ਸਤੰਬਰ 1953 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਵਿਖੇ ਜਨਮੇ ਸ੍ਰ. ਹਰੀ ਸਿੰਘ ਨੇ ਆਪਣੀ ਸੇਵਾ ਦੀ ਸ਼ੁਰੂਆਤ 1979 ‘ਚ ਡੀ.ਸੀ.ਦਫ਼ਤਰ ਬਠਿੰਡਾ ਤੋਂ ਕੀਤੀ। ਸਾਲ 1992 ਵਿੱਚ ਮਾਨਸਾ ਜ਼ਿਲ੍ਹਾ ਹੋਂਦ ਵਿੱਚ ਆਇਆ ਤੇ ਸ੍ਰ. ਹਰੀ ਸਿੰਘ ਇਥੇ ਬਤੌਰ ਸੀਨੀਅਰ ਸਹਾਇਕ ਪਦ-ਉਨੱਤ ਹੋਏ ਅਤੇ ਉਸ ਤੋਂ ਬਾਅਦ ਸਾਲ 2006 ਵਿੱਚ ਬਤੌਰ ਸੁਪਰਡੈਂਟ ਪਦ-ਉਨੱਤ ਹੋਏ। ਡਿਪਟੀ ਕਮਿਸ਼ਨਰ ਸ੍ਰ. ਰਵਿੰਦਰ ਸਿੰਘ ਨੇ ਕਿਹਾ ਕਿ ਹਰੀ ਸਿੰਘ ਨੇ ਆਪਣੀ ਸੇਵਾ ਦੌਰਾਨ ਬਹੁਤ ਹੀ ਸੁਚੱਜੇ ਢੰਗ ਨਾਲ ਕੰਮ ਕੀਤਾ ਅਤੇ ਹਮੇਸ਼ਾ ਸਖ਼ਤ ਮਿਹਨਤ ਕਰਕੇ ਸਭ ਦਾ ਮਨ ਜਿੱਤਿਆ। ਉਨ੍ਹਾਂ ਕਿਹਾ ਕਿ ਆਪਣੀ 32 ਸਾਲਾ ਸੇਵਾ ਦੌਰਾਨ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਨਿਭਾਈ।
ਸ੍ਰ. ਹਰੀ ਸਿੰਘ ਦੀ ਸੇਵਾ-ਮੁਕਤੀ ‘ਤੇ ਏ.ਡੀ.ਸੀ ਦੀ ਪ੍ਰਧਾਨਗੀ ਵਿਚ ਡੀ.ਸੀ. ਦਫ਼ਤਰ ਦੇ ਸਮੂਹ ਕਰਮਚਾਰੀਆਂ ਵੱਲੋਂ ਬੱਚਤ ਭਵਨ ਵਿੱਚ ਇਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਵਿਚ ਏ.ਡੀ.ਸੀ. ਸ਼੍ਰੀ ਦਿਲਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸ ਮੌਕੇ ‘ਤੇ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ, ਉਥੇ ਉਨ੍ਹਾਂ ਦੇ ਮਿਲਵਰਤਨ ਵਾਲੇ ਸੁਭਾਅ ਦੀ ਵੀ ਚਰਚਾ ਕੀਤੀ ਗਈ। ਬੁਲਾਰਿਆਂ ਵੱਲੋਂ ਉਨ੍ਹਾਂ ਦੇ ਸੁਖਮਈ ਭਵਿੱਖ ਦੀ ਵੀ ਕਾਮਨਾ ਕੀਤੀ ਗਈ। ਅੰਤ ਵਿੱਚ ਸ੍ਰ. ਹਰੀ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਸਟਾਫ਼ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਹਿਯੋਗ ਲਈ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।