October 1, 2011 admin

ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵਿਖੇ ਇੱਕ ਦਿਨ ਦੀ ਵਰਕਸ਼ਾਪ ਦਾ ਆਯੋਜਨ

ਹੁਸ਼ਿਆਰਪੁਰ-  ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵਿਖੇ ਇੱਕ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਆਬਕਾਰੀ ਤੇ ਕਰ ਕਮਿਸ਼ਨਰ, ਸਹਿਕਾਰਤਾ ਵਿਭਾਗ, ਉਪ ਅਰਥ ਤੇ ਅੰਕੜਾ ਸਲਾਹਕਾਰ, ਦਫ਼ਤਰ ਡਿਪਟੀ ਕਮਿਸ਼ਨਰ ਅਮਲਾ ਸ਼ਾਖਾ, ਉਪ ਮੰਡਲ ਅਫ਼ਸਰ, ਸੀ.ਡੀ.ਪੀ.ਓ, ਬੀ ਡੀ ਪੀ ਓ, ਸਿੱਖਿਆ ਵਿਭਾਗ ਹੁਸ਼ਿਆਰਪੁਰ ਦੇ ਸੀਨੀਅਰ ਸਹਾਇਕਾਂ, ਜੂਨੀਅਰ ਸਹਾਇਕਾਂ ਅਤੇ ਕਲਰਕਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਦੇ ਸ਼ੁਰੂ ਵਿੱਚ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸ੍ਰ: ਸੁਰਜੀਤ ਸਿੰਘ ਵੱਲੋਂ ਹਾਜ਼ਰ ਪਾਰਟੀਸਪੈਂਟਸ ਨੂੰ ਜੀ ਆਇਆਂ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗ ਵਰਕਸ਼ਾਪਾਂ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮਕਾਜ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ ਆਉਂਦੀ ਹੈ । ਇਸ ਵਰਕਸ਼ਾਪ ਵਿੱਚ ਦਫ਼ਤਰੀ ਕੰਮ-ਕਾਜ ਦੀ ਵਿੱਧੀ ਅਤੇ ਮੁਲਾਜ਼ਮਾਂ ਦੇ ਆਚਰਣ ਨਿਯਮਾਂ 1966 ਸਬੰਧੀ ਜਾਣਕਾਰੀ ਰਿਸੋਰਸ ਪਰਸਨਜ਼ /ਵਿਸ਼ਾ ਮਾਹਿਰਾਂ ਵੱਲੋਂ ਦਿੱਤੀ ਗਈ।
 ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਨੇ ਆਏ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਜ ਦੀ ਵਰਕਸ਼ਾਪ ਵਿੱਚ ਰਿਸੋਰਸ ਪਰਸਨ/ਵਿਸ਼ਾ ਮਾਹਿਰ ਵੱਲੋਂ ਮਿਲੀ ਜਾਣਕਾਰੀ ਤੋਂ ਪ੍ਰੇਰਿਤ ਹੋ ਕੇ ਪਾਰਟੀਸਪੈਂਟਸ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸੁਚਾਰੂ ਢੰਗ ਅਤੇ ਪੂਰੀ ਪਾਰਦਰਸ਼ਤਾ ਨਾਲ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਦਫ਼ਤਰੀ ਮੁਲਾਜ਼ਮਾਂ ਨੂੰ ਇਮਾਨਦਾਰੀ ਅਤੇ ਸਮੇਂ ਦੀ ਮੰਗ ਅਨੁਸਾਰ ਲੋਕਾਂ ਦੇ ਕੰਮ ਨੂੰ ਸਮੇਂ ਸਿਰ ਕਰਨ ਲਈ ਕਿਹਾ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਜਿਹੜੀਆਂ ਸਕੀਮਾਂ ਚਲਾਈਆਂ ਗਈਆਂ ਹਨ, ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਦੀ ਲੋੜ ਹੈ।
 ਵਰਕਸ਼ਾਪ ਦੇ ਪਹਿਲੇ ਅਤੇ ਦੂਸਰੇ ਸੈਸ਼ਨ ਵਿੱਚ ਸ੍ਰੀ ਬਾਂਕੇ ਬਿਹਾਰੀ ਅੰਡਰ ਸੈਕਟਰੀ (ਰਿਟਾ:) ਰਿਸੋਰਸ ਪਰਸਨ ਵੱਲੋਂ ਦਫ਼ਤਰੀ ਕੰਮਕਾਜ ਦੀ ਵਿਧੀ ਬਾਰੇ ਵਿਸ਼ੇ ਸਬੰਧੀ ਸਲਾਈਡਜ਼ ਦੀ ਸਹਾਇਤਾ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਆਏ ਹੋਏ ਪਾਰਟੀਸਪੈਂਟਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ।
 ਵਰਕਸ਼ਾਪ ਦੇ ਤੀਸਰੇ ਅਤੇ ਚੌਥੇ ਸੈਸ਼ਨ ਵਿੱਚ ਸ੍ਰੀ ਆਰ.ਕੇ. ਮੈਨਨ ਸੀਨੀਅਰ ਐਡਵੋਕੇਟ, ਜ਼ਿਲ੍ਹਾ ਕੋਰਟ, ਹੁਸ਼ਿਆਰਪੁਰ ਰਿਸੋਰਸ ਪਰਸਨ ਵੱਲੋਂ ਮੁਲਾਜ਼ਮਾਂ ਦੇ ਆਚਰਣ ਨਿਯਮਾਂ 1966 ਸਬੰਧੀ ਵਾਈਟ ਬੋਰਡ ਤੇ ਮਾਰਕਰ ਦੀ ਸਹਾਇਤਾ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਆਏ ਹੋਏ ਪਾਰਟੀਸਪੈਂਟਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਤਸੱਲੀਬਖਸ਼ ਢੰਗ ਨਾਲ  ਦਿੱਤੇ ਗਏ।
 ਸ੍ਰੀ ਪ੍ਰੇਮ ਚੰਦ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਡੀਨੇਟਰ ਵੱਲੋਂ ਜ਼ਿਲ੍ਹਾ ਸੈਂਟਰ ਸਬੰਧੀ ਪਾਰਟੀਸਪੈਂਟਸ ਨੂੰ ਜਾਣਕਾਰੀ ਦਿੱਤੀ ਗਈ।

Translate »