October 1, 2011 admin

ਫਿਰੋਜ਼ਪੁਰ ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਸ਼ੁਰੂ

ਫਿਰੋਜ਼ਪੁਰ ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਲਈ 130 ਖਰੀਦ ਕੇਂਦਰ ਸਥਾਪਿਤ: ਡਾ.ਐਸ.ਕੇ.ਰਾਜੂ
ਕਿਸਾਨ ਸੁੱਕਾ ਝੋਨਾਂ ਦੀ ਮੰਡੀਆਂ ਵਿਚ ਲਿਆਉਣ।
ਤਲਵੰਡੀ ਭਾਈ -ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਲਈ 130 ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਰਕਾਰੀ ਖਰੀਦ ਸਬੰਧੀ ਕਿਸਾਨਾਂ, ਆੜਤੀਆਂ, ਸ਼ੈਲਰ ਮਾਲਕਾਂ ਅਤੇ ਖਰੀਦ ਏਜੰਸੀਆਂ ਦਾ ਪੂਰਾ ਸਹਿਯੋਗ ਲਿਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਨੇ  ਅਨਾਜ ਮੰਡੀ ਤਲਵੰਡੀ ਭਾਈ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਨ ਮੌਕੇ ਹਾਜ਼ਰ ਕਿਸਾਨਾਂ, ਆੜਤੀਆਂ, ਸ਼ੈਲਰ ਮਾਲਕਾਂ ਆਦਿ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ.ਖਰਬੰਦਾ  ਵੀ ਉਨ੍ਹਾਂ ਦੇ ਨਾਲ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ 8.97 ਲੱਖ ਮੀਟਰਕ ਟਨ ਝੋਨਾਂ ਆਉਣ ਦੀ ਸੰਭਾਵਨਾ ਹੈ, ਜਿਸਨੂੰ ਖਰੀਦਣ ਲਈ ਪਨਗਰੇਨ ਨੂੰ 24 ਪ੍ਰਤੀਸ਼ਤ, ਮਾਰਕਫੈਡ ਨੂੰ 23 ਪ੍ਰਤੀਸ਼ਤ, ਪਨਸਪ ਨੂੰ 22 ਪ੍ਰਤੀਸ਼ਤ, ਵੇਅਰ ਹਾਉਸ ਨੂੰ 11 ਪ੍ਰਤੀਸ਼ਤ, ਪੰਜਾਬ ਐਗਰੋ ਅਤੇ ਐਫ.ਸੀ.ਆਈ ਨੂੰ 10-10 ਪ੍ਰਤੀਸ਼ਤ ਖਰੀਦ ਟੀਚਾ ਨਿਸ਼ਚਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਖਰੀਦ ਨਾਲ ਜੁੜੇ ਸਾਰੇ ਵਰਗ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰਾਂ ਸੁੱਕਾ ਝੋਨਾਂ ਹੀ ਮੰਡੀਆਂ ਵਿਚ ਲਿਆਉਣ ਅਤੇ ਸ਼ਾਮ 7 ਵਜ੍ਹੇ ਤੋਂ ਅਗਲੀ ਸਵੇਰ 10 ਵਜ੍ਹੇ ਤੱਕ ਝੋਨੇ ਦੀ ਕਟਾਈ ਨਾਂ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਵੱਲੋਂ ਮੰਡੀਆਂ ਵਿਚ ਕਿਸਾਨਾਂ ਦੀਆਂ ਸਹੂਲਤ ਲਈ ਛਾਂ,ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਕਟਾਈ ਕਰਨ ਵਾਲੀਆਂ ਕੰਬਾਈਨਾਂ ਨੂੰ ਜਬਤ ਕਰਕੇ ਉਨ੍ਹਾਂ ਦੇ ਮਾਲਕਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ ਸਤਪਾਲ ਸਿੰਘ ਤਲਵੰਡੀ, ਸ੍ਰੀ ਬੀ.ਐਸ.ਢਿੱਲੋ ਡੀ.ਐਫ.ਐਸ.ਸੀ, ਜ਼ਿਲ੍ਹਾ ਮੰਡੀ ਅਫਸਰ ਸ੍ਰ ਮਨਜੀਤ ਸਿੰਘ, ਸ੍ਰ ਗੁਰਮੀਤ ਸਿੰਘ ਨਾਇਬ ਤਹਿਸੀਲਦਾਰ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Translate »