October 1, 2011 admin

ਰਾਜ ਪੱਧਰੀ ਸਮਾਰੋਹ ਕਰਕੇ ਮਾਨਸਾ ਵਿਖੇ ਮਨਾਇਆ ਬਜੁਰਗਾਂ ਲਈ ਕੌਮਾਂਤਰੀ ਦਿਵਸ,

-ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ 22 ਅਪੰਗ ਵਿਅਕਤੀਆਂ ਦਾ ਸਟੇਟ ਐਵਾਰਡ ਨਾਲ ਕੀਤਾ ਸਨਮਾਨ
-ਬੁਢਾਪਾ ਪੈਨਸ਼ਨ ‘ਚ ਵਾਧਾ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ- ਪ੍ਰੋ ਲਕਸ਼ਮੀ ਕਾਂਤਾ ਚਾਵਲਾ

ਮਾਨਸਾ- ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਲਗਾਤਾਰ ਗਿਰ ਰਹੀਆਂ ਸਮਾਜਿਕ ਕਦਰਾਂ ਕੀਮਤਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਨਾਂ ਨੂੰ ਬਹਾਲ ਕਰਨ ਲਈ ਸਾਨੂੰ ਸਭ ਨੂੰ ਰਲਮਿਲ ਕੇ ਹੰਭਲਾ ਮਾਰਨ ਚਾਹੀਦਾ ਹੈ। ਪ੍ਰੋ. ਚਾਵਲਾ ਅੱਜ ਪੰਜਾਬ ਸਰਕਾਰ ਵੱਲੋਂ ਮਾਨਸਾ ਵਿਖੇ ਬਜੁਰਗਾਂ ਦੇ ਕੌਮਾਂਤਰੀ ਦਿਵਸ ਅਤੇ ਵਿਸ਼ੇਸ਼ ਅਪੰਗਤਾ ਦਿਵਸ ਦੇ ਸਬੰਧ ‘ਚ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸੱਦਾ ਦਿੱਤਾ ਕਿ ਬਜੁਰਗਾਂ ਦਾ ਮਾਣ ਸਤਿਕਾਰ ਬਹਾਲ ਕਰਨ ਲਈ ਸਮੁਚੇ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਬਜੁਰਗ ਸਾਡੇ ਸਮਾਜ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਸਾਡੇ ਰਾਜ ‘ਚ ਬਜੁਰਗਾਂ ਨੂੰ ਦਿੱਤੀ ਜਾਂਦੀ ਪੈਨਸ਼ਨ ਕਾਫ਼ੀ ਥੋੜੀ ਹੈ, ਜਿਸ ਨੂੰ 250 ਤੋਂ ਵਧਾ ਕੇ 500 ਰੁਪਏ ਕਰਨ ਲਈ ਉਹ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰ ਚੁੱਕੇ ਹਨ, ਜਿਨ੍ਹਾਂ ਵੱਲੋਂ ਇਸ ਬਾਰੇ ਹਾਂ ਪੱਖੀ ਹੁੰਗਾਰਾ ਵੀ ਦਿੱਤਾ ਗਿਆ ਹੈ।
ਇਸ ਮੌਕੇ ਪ੍ਰੋ. ਲਕਸ਼ਮੀ ਕਾਂਤਾ ਨੇ ਕਿਹਾ ਕਿ ਭਾਵੇਂ ਸਾਡਾ ਦੇਸ਼ ਸ਼ਰਵਨ ਕੁਮਾਰ ਦਾ ਦੇਸ਼ ਹੈ ਫਿਰ ਵੀ ਅੱਜ ਅਸੀਂ ਬਜੁਰਗਾਂ ਨੂੰ ਰੁਲਦੇ ਦੇਖ ਸਕਦੇ ਹਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬਜੁਰਗਾਂ ਦਾ ਮਾਣ ਸਤਿਕਾਰ ਬਹਾਲ ਰੱਖੀਏ। ਇਸ ਮੌਕੇ ਪ੍ਰੋ. ਚਾਵਲਾ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰੇਕ ਜ਼ਿਲ੍ਹੇ ‘ਚ ਬੱਚਿਆਂ ਲਈ ਜੁਵਿਨਲ ਜਸਟਿਸ ਬੋਰਡ ਦੀ ਪੁਨਰ ਸਥਾਪਨਾ ਕਰਨ ਦਾ ਤਹੱਈਆ ਕੀਤਾ ਹੈ ਜਦਕਿ ਰਾਜ ਭਰ ‘ਚ ਜ਼ਿਲ੍ਹਾ ਵਾਰ ਬਾਲ ਭਲਾਈ ਕਮੇਟੀਆਂ ਵੀ ਸਥਾਪਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਉਨ੍ਹਾਂ ਨੇ ਬੱਚਿਆਂ ਦੀ ਭਲਾਈ ਲਈ ਸਾਢੇ 17 ਕਰੋੜ ਰੁਪਏ ਮਨਜੂਰ ਕਰਵਾਏ ਹਨ, ਜੋ ਕਿ 5 ਸਾਲਾਂ ਲਈ ਲਗਾਤਾਰ ਪੰਜਾਬ ਨੂੰ ਮਿਲਣਗੇ। ਇਸ ਨਾਲ ਹਰੇਕ ਜ਼ਿਲ੍ਹੇ ‘ਚ ਬਾਲ ਭਵਨ ਉਸਾਰੇ ਜਾਣਗੇ। ਪ੍ਰੋ. ਚਾਵਲਾ ਨੇ ਕਿਹਾ ਕਿ ਅੱਜ ਬੱਚਿਆਂ ‘ਤੇ ਹੁੰਦੇ ਜੁਲਮ ਰੋਕਣ ਲਈ ਵੀ ਉਨ੍ਹਾਂ ਦੇ ਵਿਭਾਗ ਨੇ ਕਈ ਕਦਮ ਉਠਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀ ਨਾਲ ਰਾਜ ‘ਚ ਲੁਧਿਆਣਾ, ਅੰਮ੍ਰਿਤਸਰ ਅਤੇ ਰਾਜਪੁਰਾ ਵਿਖੇ 99 ਲੱਖ ਦੀ ਲਾਗਤ ਨਾਲ ਮੰਦਬੁੱਧੀ ਬੱਚਿਆਂ ਲਈ ਵਿਸ਼ੇਸ਼ ਕੇਂਦਰ ਖੋਲ੍ਹੇ ਜਾ ਰਹੇ ਹਨ,
ਇਸ ਮੌਕੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰ. ਗੁਰਕਿਰਤ ਕ੍ਰਿਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਦੂਜੀਆਂ ਹੋਰ ਵਿਤੀ ਸਹਾਇਤਾ ਸਕੀਮਾਂ ਅਧੀਨ ਸਾਲ 2011-12 ਲਈ 591 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤੋਂ ਬਿਨਾਂ ਕਈ ਹੋਰ ਸਕੀਮਾਂ ਵੀ ਬਜੁਰਗਾਂ ਲਈ ਰਾਖਵੀਆਂ ਹਨ, ਜਦਕਿ ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਦੀ ਵੀ ਉਮਰ ਘਟਾ ਕੇ 60 ਤੋਂ 58 ਸਾਲ ਕਰ ਦਿੱਤੀ ਹੈ, ਜਿਸ ਨਾਲ ਰਾਜ ‘ਚ 40 ਹਜ਼ਾਰ ਦੇ ਕਰੀਬ ਨਵੇਂ ਪੈਨਸ਼ਨ ਲਾਭਪਾਤਰੀ ਫਾਇਦਾ ਲੈਣਗੇ। ਉਨ੍ਹਾਂ ਕਿਹਾ ਕਿ ਇਕੱਲੀ ਬੁਢਾਪਾ ਪੈਨਸ਼ਨ ਲੈਣ ਵਾਲੇ ਲਾਭਪਾਤਰੀ 14,59430 ਹਨ, ਜਦਕਿ 268338 ਵਿਧਵਾ ਤੇ ਨਿਰਆਸ਼ਰਿਤ ਔਰਤਾਂ ਵੀ ਪੈਨਸ਼ਨ ਹਾਸਲ ਕਰ ਰਹੀਆਂ ਹਨ। ਇਸ ਤੋਂ ਬਿਨਾਂ 112338 ਆਸ਼ਰਿਤ ਬੱਚਿਆਂ ਨੂੰ ਵਿਤੀ ਸਹਾਇਤਾ ਦਿੱਤੀ ਜਾ ਰਹੀ ਹੈ, ਜਦਕਿ 137910 ਅਪੰਗ ਵਿਅਕਤੀ ਸਹਾਇਤਾ ਹਾਸਲ ਕਰ ਰਹੇ ਹਨ।
ਇਸ ਤੋਂ ਪਹਿਲਾਂ ਜ਼ਿਲ੍ਹੇ ‘ਚ ਬਜੁਰਗਾਂ ਦੇ ਮਾਣ ਸਨਮਾਨ ਹਿਤ ਚਲ ਰਹੀਆਂ ਗਤੀਵਿਧੀਆਂ ਤੋਂ ਮਾਨਸਾ ਦੇ ਏ.ਡੀ.ਸੀ. ਸ੍ਰ. ਦਿਲਰਾਜ ਸਿੰਘ ਨੇ ਜਾਣੂ ਕਰਵਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸ਼ਨ ਬਜੁਰਗਾਂ ਅਤੇ ਅੰਗਹੀਣਾਂ ਲਈ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ ਤੇ ਇਨ੍ਹਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਵੀ ਜਾ ਰਹੀਆਂ ਹਨ। ਇਸ ਮੌਕੇ ਐਸ.ਐਮ.ਓ. ਮਾਨਸਾ ਡਾ. ਸੁਬੋਧ ਗੁਪਤਾ ਨੇ ਬਜੁਰਗਾਂ ਦੀ ਸਿਹਤ ਸੰਭਾਲ ਅਤੇ ਅਪੰਗਤਾ ਦੀ ਰੋਕ ਥਾਮ ਬਾਰੇ ਵਿਸਥਾਰ ‘ਚ ਚਾਨਣਾ ਪਾਇਆ। ਜਦਕਿ ਡੀ.ਐਸ.ਪੀ. ਸ੍ਰ. ਹਰਪਾਲ ਸਿੰਘ ਨੇ ਵੀ ਆਪਣੇ ਨਿਜੀ ਤਜ਼ਰਬੇ ਸਾਂਝੇ ਕਰਦਿਆਂ ਆਖਿਆ ਕਿ ਬਜੁਰਗਾਂ ਅਤੇ ਅੰਗਹੀਣਾਂ ਨੂੰ ਪੁਲਿਸ ਵੱਲੋਂ ਹਰ ਪੱਖੋਂ ਸਹਿਯੋਗ ਦਿੱਤਾ ਜਾਂਦਾ ਹੈ, ਪਰ ਜੇਕਰ ਫੇਰ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਪੁਲਿਸ ਪਹਿਲ ਦੇ ਅਧਾਰ ‘ਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰੇਗੀ। ਇਸ ਦੌਰਾਨ ਸੀਨੀਅਰ ਸਿਟੀਜਨ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮੇਘ ਰਾਜ ਨੇ ਵੀ ਸੰਬੋਧਨ ਕੀਤਾ।
ਸਮਾਜਿਕ ਸੁਰੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ.ਗੁਰਜਿੰਦਰ ਸਿੰਘ ਮੌੜ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ. ਚਰਨਜੀਤ ਸਿੰਘ ਮਾਨ ਦੀ ਦੇਖ-ਰੇਖ ਹੇਠ ਹੋਏ ਅੱਜ ਦੇ ਇਸ ਰਾਜ ਪੱਧਰੀ ਸਮਾਰੋਹ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਨਰੇਸ਼ ਕੁਮਾਰ ਨੇ ਸਵਾਗਤੀ ਸ਼ਬਦ ਕਹੇ ਅਤੇ ਅੰਤ ‘ਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰ. ਦਰਸ਼ਨ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਵਿਨਲ ਜਸਟਿਸ ਬੋਰਡ ਦੇ ਮੈਂਬਰ ਤੇ ਭਾਜਪਾ ਆਗੂ ਸ਼੍ਰੀ ਰਾਜ ਕੁਮਾਰ, ਪੀ.ਐਨ.ਡੀ.ਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼੍ਰੀ ਸੂਰਜ ਕੁਮਾਰ ਛਾਬੜਾ, ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ, ਸੀਨੀਅਰ ਅਕਾਲੀ ਆਗੂ ਸ੍ਰ. ਸਵਰਨ ਸਿੰਘ ਹੀਰੇਵਾਲਾ ਸਮੇਤ ਹੋਰ ਭਾਜਪਾ ਤੇ ਅਕਾਲੀ ਆਗੂ ਮੌਜੂਦ ਸਨ।
ਇਸ ਮੌਕੇ ਪ੍ਰੋ. ਚਾਵਲਾ ਨੇ ਜਿੱਥੇ ਜ਼ਿਲ੍ਹੇ ਦੇ ਬੁਢਾਪਾ ਪੈਨਸ਼ਨ ਹਾਸਲ ਕਰਦੇ ਬਜੁਰਗਾਂ ਦਾ ਸਨਮਾਨ ਕੀਤਾ ਉੱਥੇ ਹੀ ਉਨ੍ਹਾਂ ਨੇ ਰਾਜ ਭਰ ਚੋਂ 22 ਯੋਗ ਅਪੰਗ ਵਿਅਕਤੀਆਂ, ਜਿਨ੍ਹਾਂ ‘ਚ ਕਰਮਚਾਰੀ, ਸਵੈਸੇਵੀ, ਖਿਡਾਰੀ ਅਤੇ ਸੰਸਥਾਵਾਂ ਆਦਿ ਸ਼ਾਮਲ ਸਨ, ਨੂੰ ਵੀ ਸਟੇਟ ਐਵਾਰਡ ਨਾਲ ਸਨਮਾਨਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਸਨਮਾਨ ‘ਚ ਇਕ ਸ਼ਲਾਘਾ ਪੱਤਰ, ਮਮੈਂਟੋ ਅਤੇ 10 ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਹੈ। ਇਹ ਰਾਜ ਪੱਧਰੀ ਸਨਮਾਨ ਹਾਸਲ ਕਰਨ ਵਾਲਿਆਂ ‘ਚ ਅਜੀਤ ਕੁਮਾਰ ਚਾਵਲਾ, ਡਾ. ਪ੍ਰਿਤਪਾਲ ਕੌਰ, ਪ੍ਰੇਮ ਭੂਸ਼ਨ, ਰਜਿੰਦਰ ਕੁਮਾਰ, ਵਿਵੇਕ ਜੋਸ਼ੀ, ਸੁਭਾਸ਼ ਚੰਦਰ, ਅਸ਼ੋਕ ਕੁਮਾਰ, ਰਾਹੁਲ ਦੁਗਲ, ਰਮਨਦੀਪ ਕੌਰ, ਹਰਬਿੰਦਰ ਕੁਮਾਰ, ਗੁਰਚਰਨ ਸਿੰਘ, ਅਸ਼ੀਸ਼ ਜੌਹਨ, ਸੰਜੇ ਸਿਨਹਾ, ਰਾਜਦੀਪ ਕੌਰ, ਕੁਲਦੀਪ ਸਿੰਘ, ਤ੍ਰਿਪਤਪਾਲ ਸਿੰਘ, ਦੀਪਕ ਅਰੋੜਾ, ਸੁਖਵਿੰਦਰ ਕੁਮਾਰ, ਗੁਲਜਾਰ ਸਿੰਘ ਭੱਟੀ, ਅਮਰਜੀਤ ਸਿੰਘ ਸਮੇਤ ਦੋ ਸੰਸਥਾਵਾਂ ਡੀ.ਏ.ਵੀ. ਰੈਡ ਕਰਾਸ ਸਕੂਲ ਫਾਰ ਸਪੈਸ਼ਲ ਚਿਲਡਰਨ ਅੰਮ੍ਰਿਤਸਰ ਅਤੇ ਅੰਬੂਜਾ ਮਨੋਵਿਕਾਸ ਕੇਂਦਰ ਸਪੈਸ਼ਲ ਸਕੂਲ ਫਾਰ ਮੈਂਟਲੀ ਚੈਲੇਂਜਡ ਚਿਲਡਰਨ ਪਿੰਡ ਸਲੋਰਾ, ਜ਼ਿਲ੍ਹਾ ਰੋਪੜ ਸ਼ਾਮਲ ਹਨ।
ਇਸ ਦੌਰਾਨ ਬਜੁਰਗਾਂ ਦੇ ਦੋ ਤਰਾਂ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ‘ਚ ਬਲਾਕ ਭੀਖੀ ਵੱਲੋਂ ਸੂਈ ਧਾਘੇ ਰਾਹੀਂ ਮਣਕੇ ਪ੍ਰੋਣ ਸਬੰਧੀ ਬਜੁਰਗ ਔਰਤਾਂ ਦੇ ਅਤੇ ਬਲਾਕ ਮਾਨਸਾ ਵੱਲੋਂ ਬਜੁਰਗ ਪੁਰਸ਼ਾਂ ਦੇ ਮੋਮਬੱਤੀਆਂ ਬਾਲਣ ਸਬੰਧੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਬਜੁਰਗਾਂ ਮੁਖਤਿਆਰ ਕੌਰ ਪਿੰਡ ਜੋਗਾ, ਮੁਖਤਿਆਰ ਕੌਰ ਹੀਰੇਵਾਲਾ ਅਤੇ ਚੰਦ ਕੌਰ ਖੀਵਾ ਦਿਆਲੂ ਸਮੇਤ ਚਤਿੰਨ ਸਿੰਘ, ਮਾੜਾ ਸਿੰਘ ਤੇ ਸਾਉਣ ਸਿੰਘ ਨੂੰ ਕੈਬਨਿਟ ਮੰਤਰੀ ਪ੍ਰੋ. ਚਾਵਲਾ ਨੇ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਸ਼ੁਰੂ ਵਿੱਚ ਸਰਕਾਰੀ
ਸੀਨੀਅਰ ਸਕੈਂਡਰੀ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਨੇ ਸਵਾਗਤੀ ਗੀਤ ਪੇਸ਼ ਕੀਤਾ।

Translate »