ਅੰਮ੍ਰਿਤਸਰ (ਭਾਰਤ ਸੰਦੇਸ਼) – ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਨੇ ਸ੍ਰ ਪ੍ਰਦੀਪ ਸਿੰਘ ਵਾਲੀਆ ਨੂੰ ਪਾਰਟੀ ਦੇ ਮਾਝਾ ਜੋਨ ਦਾ ਕਨਵੀਨਰ ਐਲਾਨ ਦਿੱਤਾ ਹੈ । ਸ੍ਰ ਪ੍ਰਦੀਪ ਸਿੰਘ ਵਾਲੀਆ ਦੇ ਗ੍ਰਹਿ ਪੁਜੇ ਸਾਬਕਾ ਮੁਖ ਮੰਤਰੀ ਪੰਜਾਬ ਅਤੇ ਲੋਂਗੋਵਾਲ ਦਲ ਦੇ ਸਰਵੋਸਰਵਾ ਸ੍ਰ ਸੁਰਜੀਤ ਸਿੰਘ ਬਰਨਾਲਾ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਇਸ ਸਬੰਧੀ ਇੰਕਸ਼ਾਫ ਕਰਦਿਆਂ ਦੱਸਿਆ ਕਿ ਸ੍ਰ ਵਾਲੀਆ ਅੰਮ੍ਰਿਤਸਰ,ਤਰਨਤਾਰਨ ਤੇ ਗੁਰਦਾਸਪੁਰ ਜਿਲ੍ਹਿਆਂ ਵਿਚ ਪਾਰਟੀ ਦਾ ਜਥੇਬੰਧਕ ਢਾਂਚਾ ਸਥਾਪਿਤ ਕਰਨਗੇ ।ਉਨ੍ਹਾ ਦੱਸਿਆ ਕਿ ਪੰਥਕ ਮੋਰਚੇ ਦੇ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਉਮੀਦਵਾਰ ਵਜੋਂ ਸ੍ਰ ਵਾਲੀਆ ਨੇ ਇਹ ਸਿੱਧ ਕੀਤਾ ਹੈ ਕਿ ਸਰਕਾਰਾਂ ਦੇ ਲਾਲਚ ਨੂੰ ਵਿਸਾਰ, ਡਰ ਭੈਅ ਅੱਗੇ ਚਟਾਨ ਵਾਂਗ ਖੜਨ ਵਾਲੇ ਟਕਸਾਲੀ ਵਰਕਰ ਅਜੇ ਵੀ ਮੌਜੂਦ ਹਨ ।ਇਸ ਤੋਂ ਪਹਿਲਾਂ ਸ਼੍ਰੋਮਣੀ ਪੰਥਕ ਕੋਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਸ੍ਰ ਬਰਨਾਲਾ ਤੇ ਸਰਦਾਰਨੀ ਬਰਨਾਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਇਕ ਆਗੂ ਦੀ ਅਗਵਾਈ ਹੇਠ ਅਗਾਮੀ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਈ ਜਾਏ ਤਾਂ ਜੋ ਪੰਥ ਦੇ ਨਾਮ ਤੇ ਸੂਬੇ ਤੇ ਕਾਬਜ ਗੈਰ ਪੰਥਕ ਦਲ ਤੋਂ ਛੁਟਕਾਰਾ ਪਾਇਆ ਜਾ ਸਕੇ ।ਸ੍ਰ ਬਰਨਾਲਾ ਨੇ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਕਿ ਉਹ ਜਿਥੇ ਵੀ ਗਏ ਹਨ ਟਕਸਾਲੀ ਵਰਕਰ ਉਨ੍ਹਾਂ ਨੂੰ ਪ੍ਰੀਵਾਰ ਦੇ ਮੁਖੀ ਵਾਂਗ ਮਿਲੇ ਹਨ ਤੇ ਉਨਾਂ ਮਹਿਸੂਸ ਕੀਤਾ ਹੈ ਹੁਣ ਰਵਾਇਤੀ ਅਕਾਲੀ ਦਲ ਨੂੰ ਹੀ ਪੰਜਾਬ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ ।ਬੀਬੀ ਬਰਨਾਲਾ ਨੇ ਦੱਸਿਆ ਕਿ ਪੰਥਕ ਮੋਰਚੇ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਜਾਬ ਸਰਕਾਰ ਦਾ ਮੁਕਾਬਲਾ ਕੀਤਾ ਹੈ ਜਿਸ ਕਰਕੇ ਉਹ ਭਈਆਂ ਤੇ ਪਤਿਤਾਂ ਦੀਆਂ ਵੋਟਾਂ ਨਾਲ ਜਿੱਤੇ ਅਖੌਤੀ ਅਕਾਲੀਆਂ ਦੇ ਦਾਅਵਿਆਂ ਦੀ ਪ੍ਰਵਾਹ ਨਹੀ ਕਰਦੇ ।ਉਨ੍ਹਾਂ ਕਿਹਾ ਕਿ ਪਾਰਟੀ ਦਾ ਜਥੇਬੰਧਕ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ,ਟਕਸਾਲੀ ਅਕਾਲੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ।ਇਸ ਮੌਕੇ ਸ੍ਰ ਇੰਦਰਜੀਤ ਸਿੰਘ ਬਾਗੀ ਨੇ ਯਕੀਨ ਦਿਵਾਇਆ ਕਿ ਸ੍ਰ ਬਰਨਾਲਾ ਦੀ ਅਗਵਾਈ ਵਿਚ ਵਿਧਾਨ ਸਭਾ ਚੋਣਾਂ ਜਿਤੀਆਂ ਜਾਣਗੀਆਂ ,ਸ੍ਰ ਬਰਨਾਲਾ ਸਿਰਫ ਸਾਡੇ ਸੱਦੇ ਤੇ ਪੁਜ ਜਾਇਆ ਕਰਨ ।ਸ੍ਰ ਬਰਨਾਲਾ ਤੇ ਸਰਦਾਰਨੀ ਬਰਨਾਲਾ ਨੂੰ ਸਿਰੋਪਾ ,ਸਿਰੀ ਸਾਹਿਬ ਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ ।ਸ੍ਰ ਵਾਲੀਆ ਦੇ ਗ੍ਰਹਿ ਵਿਖੇ ਹੋਏ ਇਸ ਸੰਖੇਪ ਪਰ ਪ੍ਰਭਾਵ ਸ਼ਾਲੀ ਸਮਾਗਮ ਵਿਚ ਸ੍ਰ ਤਰਲੋਚਨ ਸਿੰਘ,ਸੁਖਵਿੰਦਰ ਸਿੰਘ,ਅੰਗਰੇਜ ਸਿੰਘ,ਜਸਵੰਤ ਸਿੰਘ ਸੰਧੂ,ਸੁਖਵੰਤ ਸਿੰਘ ਬਾਵਾ,ਸੰਤੋਖ ਸਿੰਘ ਬੀਆਂ ਵਾਲੇ,ਸੁਰਿੰਦਰ ਸਿੰਘ ਵਾਲੀਆ,ਬਲਬੀਰ ਸਿੰਘ ਕਾਲਾ ,ਸੁਖਬੀਰ ਸਿੰਘ ਹੁੰਦਲ,ਸੁਰਜੀਤ ਸਿੰਘ ਕੰਡਾ ,ਹਰਿੰਦਰ ਸਿੰਘ ਵਾਲੀਆ,ਦਲਜੀਤ ਸਿੰਘ ਪੱਪੂ,ਕੁਲਦੀਪ ਸਿੰਘ ਹਰੀਪੁਰਾ,ਸ਼ਾਮ ਲੁਥਰਾ,ਹਰਵਿੰਦਰ ਸਿੰਘ ਬੱਬੂ,ਬਲਵਿੰਦਰ ਸਿੰਘ ਵਾਲੀਆ,ਰਾਜਵਿੰਦਰ ਸਿੰਘ ਵਾਲੀਆ ,ਹੈਪੀ ਵਾਲੀਆ ਮੌਜੂਦ ਸਨ ।