October 1, 2011 admin

ਜ਼ਿੰਦਗੀ ਵਿਚ ਕਾਮਯਾਬੀ ਲਈ ਵਿਅਕਤੀਤਵ ਦਾ ਚੁਫੇਰਾ ਵਿਕਾਸ ਜਰੂਰੀ ਹੈ: ਡਾ. ਗੁਰਉਪਦੇਸ਼ ਸਿੰਘ

ਅੰਮ੍ਰਿਤਸਰ-ਅੱਜ ਸਥਾਨਕ ਖਾਲਸਾ ਕਾਲਜ ਵਿਖੇ ਨਵੇਂ ਸਥਾਪਿਤ ਹੋਏ ਸੈਂਟਰ ਆਫ਼ ਕੋਚਿੰਗ ਯੂ.ਜੀ.ਸੀ.- ਨੈੱਟ ਐਂਡ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੀ ਲੜੀ ਵਿਚ ਪਹਿਲਾ ਲੈਕਚਰ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ, ਡਾ. ਗੁਰਉਪਦੇਸ਼ ਸਿੰਘ ਨੇ ਕਿਹਾ ਕਿ ਅੱਜ ਦੀ ਮੁਕਾਬਲਾ ਭਰਪੂਰ ਜ਼ਿੰਦਗੀ ਵਿਚ ਵਿਦਿਆਰਥੀਆਂ ਵਿੱਚ ਵਿਅਕਤੀਤਵ ਦਾ ਚੁਫੇਰਾ ਵਿਕਾਸ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਮਨੋਰਥ ਸਿਰਫ਼ ਡਿਗਰੀ ਦੀਆਂ ਪ੍ਰੀਖਿਆਵਾਂ ਪਾਸ ਕਰਨਾ ਹੀ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਆਪਣੇ ਅੰਦਰ ਜ਼ਿੰਦਗੀ ਵਿੱਚ ਦਰਪੇਸ਼ ਮੁਸ਼ਕਲਾਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਨ ਦੀ ਤਾਕਤ ਵੀ ਹਾਸਲ ਕਰਨੀ ਚਾਹੀਦੀ ਹੈ।

ਡਾ. ਗੁਰਉਪਦੇਸ਼ ਨੇ ਕਿਹਾ ਕਿ ਅੱਜ-ਕੱਲ੍ਹ ਦੀ ਜ਼ਿੰਦਗੀ ਵਿਚ ਵਿਦਿਆਰਥੀਆਂ ਪਾਸ ਸਿਰਫ਼ ਗਿਆਨ ਹੋਣਾ ਹੀ ਕਾਫੀ ਨਹੀ ਹੈ, ਉਨ੍ਹਾਂ ਨੂੰ ਇਸ ਗਿਆਨ ਨੂੰ ਰੋਜ਼ਾਨਾ ਜੀਵਨ ਵਿੱਚ ਵਰਤਣ ਦੀ ਜਾਚ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਉਦਾਹਰਨ ਦੇ ਤੌਰ ‘ਤੇ ਕਿਹਾ ਕਿ ਜੇ ਕੋਈ ਵਿਦਿਆਰਥੀ ਯੁ.ਜੀ.ਸੀ./ਨੈੱਟ ਪਾਸ ਕਰ ਲੈਂਦਾ ਹੈ ਪਰ ਉਸ ਅੰਦਰ ਇੰਟਰਵਿਊ ਵਿੱਚ ਆਪਣੇ-ਆਪ ਨੂੰ ਪ੍ਰਫੁਲਤ ਦੱਸਣ ਦੀ ਯੋਗਤਾ ਨਹੀਂ ਹੈ ਤਾਂ ਉਸ ਦਾ ਪਾਸ ਕੀਤਾ ਹੋਇਆ ਟੈਸਟ ਉਸ ਦੇ ਕਿਸੇ ਕੰਮ ਨਹੀਂ ਆਏਗਾ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆਵਾਂ ਨੂੰ ਕੋਈ ਹਊਆ ਨਹੀਂ ਸਮਝਣਾ ਚਾਹੀਦਾ ਅਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਜਿਆਦਾ ਤੋਂ ਜਿਆਦਾ ਗਿਆਨ ਪ੍ਰਾਪਤ ਕਰਨ ਦੀ ਇੱਛਾ ਰੱਖਣ ਅਤੇ ਇਕ ਪੂਰਨ ਵਿਅਕਤੀਤਵ ਦਾ ਵਿਕਾਸ ਕਰਨ।  ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ-ਆਪ ਵਿਚ ਪ੍ਰਸ਼ਨ ਕਰਨ ਦੀ ਯੋਗਤਾ ਰੱਖਣ ਅਤੇ ਆਪਣੇ-ਆਪ ਨੂੰ ਮਾਨਸਿਕ ਤੌਰ ‘ਤੇ ਪ੍ਰੀਖਿਆਵਾਂ ਲਈ ਤਿਆਰ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਖਾਲਸਾ ਕਾਲਜ ਮੈਨੇਜਮੈਂਟ ਨੂੰ ਇਹ ਸਪੈਸ਼ਲ ਸੈਂਟਰ ਤਿਆਰ ਕਰਨ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸੈਂਟਰ ਵਿਦਿਆਰਥੀਆਂ ਲਈ ਆਪਣੇ ਆਪ ਨੂੰ ਪ੍ਰੀਖਿਆਵਾਂ ਲਈ ਤਿਆਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ।

ਇਸ ਮੌਕੇ ‘ਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਕਿਹਾ ਕਿ ਸੈਂਟਰ ਦੀ ਸਥਾਪਤੀ ਕਰਨ ਦਾ ਮਕਸਦ ਵਿਦਿਆਰਥੀਆਂ ਨੂੰ ਵੱਖਰੇ-ਵੱਖਰੇ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਅਕਾਦਮਿਕ ਖੇਤਰ ਪ੍ਰਵੇਸ਼ ਕਰਨਾ ਹੈ ਤਾਂ ਯੂ.ਜੀ.ਸੀ./ਨੈੱਟ ਵਰਗੀ ਪ੍ਰੀਖਿਆ ਅਤਿ ਜਰੂਰੀ ਹੈ ਅਤੇ ਵਿਦਿਆਰਥੀਆਂ ਨੂੰ ਇਸ ਲਈ ਸਮੇਂ ਸਿਰ ਤਿਆਰ ਹੋਣਾ ਪਵੇਗਾ ਅਤੇ ਉਨ੍ਹਾਂ ਦਾ ਇਹ ਸੈਂਟਰ, ਕਾਲਜ ਦੀ ਪਹਿਲਕਦਮੀ ਸਦਕਾ, ਇਸੇ ਹੀ ਮਕਸਦ ਨਾਲ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਦੇ ਇਸ ਪਹਿਲੇ ਲੈਕਚਰ ਵਿੱਚ ਵਿਦਿਆਰਥੀ ਬਹੁਤ ਜੋਸ਼ ਨਾਲ ਸ਼ਾਮਿਲ ਹੋਏ ਹਨ।  ਡਾ. ਦਲਜੀਤ ਨੇ ਕਿਹਾ ਕਿ ਵਿਦਿਆਰਥੀਆਂ ਦਾ ਮਕਸਦ ਸਿਰਫ਼ ਡਿਗਰੀਆਂ ਲੈਣਾਂ ਹੀ ਨਹੀਂ ਹੋਣਾ ਚਾਹੀਦਾ ਪਰ ਇਕ ਚੰਗੈ ਕੈਰੀਅਰ ਦੀ ਸ਼ੁਰੂਆਤ ਵਾਸਤੇ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰੀ ਕਰਨਾ ਵੀ ਜਰੂਰੀ ਹੈ। ਉਨ੍ਹਾਂ ਨੇ ਇਹ ਇੱਛਾ ਜ਼ਾਹਿਰ ਕੀਤੀ ਕਿ ਇਹ ਸੈਂਟਰ ਇਕ ਨਾ ਇਕ ਦਿਨ ‘ਸੁਪਰ-50’ ਵਾਂਗ ਪ੍ਰਸਿੱਧ ਹੋਵੇਗਾ ਅਤੇ ਬੱਚੇ ਮੁਕਾਬਲੇ ਦੇ ਇਮਤਿਹਾਨਾਂ ਵਿਚ ਕਾਮਯਾਬ ਹੋ ਕੇ ਕਾਲਜ ਦਾ ਨਾਮ ਵੀ ਰੌਸ਼ਨ ਕਰਨਗੇ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਪ੍ਰੋ. ਜੇ.ਐਸ. ਪਾਂਧੀ ਵੀ ਮੌਜੂਦ ਸਨ।

Translate »