ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਲੱਗਭੱਗ ਤਿਆਰ
ਸਵਾਇਨ ਫਲੂ ਲੈਬਾਰਟਰੀ ਦੀ ਉਸਾਰੀ ਦੋ ਮਹੀਨਿਆਂ ਦੇ ਅੰਦਰ-ਸ਼ਾਕਿਰ
ਅੰਮ੍ਰਿਤਸਰ- ਸ੍ਰੀ ਅਰੁਨੇਸ਼ ਸ਼ਾਕਿਰ, ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਅਤੇ ਸ੍ਰ ਨਵਜੋਤ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ ਨੇ ਇਕੱਠਿਆਂ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਅੱਜ 4 ਨਵੀਂਆਂ ਇਮਾਰਤਾਂ ਦਾ ਉਦਘਾਟਨ ਕੀਤਾ।
ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਾਕਿਰ ਨੇ ਦੱਸਿਆ ਕਿ ਅੱਜ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ 14 ਬੈਡਿਡ ਆਈ:ਸੀ:ਸੀ:ਯੂ, 81 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਏ:ਆਰ:ਟੀ ਸੈਂਟਰ, 4 ਕਰੋੜ 41 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਲੜਕੀਆਂ ਲਈ ਐਨ:ਆਰ:ਆਈ ਹਾਸਟਲ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਰੇਡੀਓਥਰੈਪੀ ਯੂਨਿਟ ਜਨਤਾ ਨੂੰ ਸਮਰਪਿਤ ਕੀਤੇ ਗÂੈ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿਕਾਸ ਲਈ ਲੱਗਭੱਗ 200 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿੱਚ ਜੰਗੀ ਪੱਧਰ ਤੇ ਮਿਆਰੀ ਮੁੱਢਲਾ ਢਾਂਚਾ ਉਸਾਰਿਆ ਜਾ ਰਿਹਾ ਹੈ ਤਾਂ ਜੋ ਜਨਤਾ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਨਵੇਂ ਬਣੇ ਆਈ:ਸੀ:ਸੀ:ਯੂ ਵਿੱਚ ਦਿਲ ਦੇ ਮਰੀਜਾਂ ਦਾ ਇਲਾਜ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇਗਾ, ਏ:ਆਰ:ਟੀ:ਸੈਂਟਰ ਵਿੱਚ ਐਚ:ਆਈ:ਵੀ ਦੇ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਰੇਡੀਓਥਰੈਪੀ ਯੂਨਿਟ ਵਿੱਚ ਸਰਹੱਦੀ ਖੇਤਰਾਂ ਦੇ ਮਰੀਜ ਅਤੇ ਪੰਜਾਬ ਦੇ ਹੋਰ ਜਿਲ੍ਹਿਆਂ ਦੇ ਮਰੀਜ ਇਥੋਂ ਤੱਕ ਕਿ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਕੈਂਸਰ ਦੇ ਮਰੀਜਾਂ ਨੂੰ ਇਲਾਜ ਕਰਵਾਉਣ ਵਿੱਚ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਦੇ 5 ਡਾਕਟਰ ਅਮਰੀਕਾ ਤੋਂ ਆਨਕਾਲੋਜੀ (ਕੈਂਸਰ ਦਾ ਇਲਾਜ) ਸਬੰਧੀ ਤਿੰਨ ਮਹੀਨਿਆਂ ਦੀ ਵਿਸ਼ੇਸ਼ ਟ੍ਰੇਨਿੰਗ ਕਰਕੇ ਆਏ ਹਨ, ਜਿਸ ਦਾ ਲਾਭ ਕੈਂਸਰ ਦੇ ਮਰੀਜਾਂ ਨੂੰ ਇਸ ਕੇਂਦਰ ਵਿੱਚ ਮਿਲੇਗਾ। ਐਨ:ਆਰ:ਆਈ: ਹਾਸਟਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲੜਕੀਆਂ ਲਈ ਹਾਸਟਲ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਚਲੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਐਮ:ਬੀ:ਬੀ:ਐਸ ਕੋਰਸ ਵਿੱਚ ਅੱਜਕੱਲ ਲੜਕੀਆਂ ਦਾ ਦਾਖਲਾ ਪਹਿਲਾਂ ਨਾਲੋਂ ਜਿਆਦਾ ਤਾਦਾਦ ਵਿੱਚ ਹੋ ਰਿਹਾ ਹੈ, ਜਿਸ ਦੇ ਚਲਦਿਆਂ ਲੜਕੀਆਂ ਲਈ ਹਾਸਟਲ ਦੀ ਘਾਟ ਮਹਿਸੂਸ ਹੋ ਰਹੀ ਸੀ, ਜੋ ਇਸ ਹਾਸਟਲ ਦੇ ਤਿਆਰ ਹੋਣ ਨਾਲ ਪੂਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹਾਸਟਲ ਵਿੱਚ ਮੈਡੀਕਲ ਵਿਦਿਆਰਥੀਆਂ ਲਈ ਲੋੜੀਂਦੀ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਬਾਅਦ ਵਿੱਚ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਲੱਗਭੱਗ 125 ਕਰੋੜ ਰੁਪਏ ਦੀ ਲਾਗਤ ਨਾਲ ਨਵੀਂਆਂ ਮਸ਼ੀਨਾਂ ਸਮੇਤ ਤਿਆਰ ਹੋ ਰਿਹਾ ਹੈ ਅਤੇ ਇਸ ਦਾ ਉਦਘਾਟਨ ਜਲਦੀ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਜਾਵੇਗਾ। ਐਨਾ ਹੀ ਨਹੀਂ ਸਵਾਇਨ ਫਲੂ ਲੈਬਾਰਟਰੀ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤੇ ਲੱਗਭੱਗ 50 ਲੱਖ ਰੁਪਏ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਇਹ ਲੈਬਾਰਟਰੀ ਦੋ ਮਹੀਨਿਆਂ ਦੇ ਅੰਦਰ ਅੰਦਰ ਤਿਆਰ ਹੋ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਜੈ ਕਿਸ਼ਨ ਡਾਇਰੈਕਟਰ ਖੋਜ ਤੇ ਮੈਡੀਕਲ ਸਿਖਿਆ ਵਿਭਾਗ, ਪੰਜਾਬ, ਡਾ: ਐਸ:ਐਸ: ਸ਼ੇਰਗਿੱਲ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਮੈਡੀਕਲ ਸਿਖਿਆ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਅਤੇ ਸ਼ਹਿਰ ਦੇ ਪਤਵੰਤੇ ਹਾਜਰ ਸਨ।