ਤੇਲ ਭੰਡਾਰਾਂ ਦੇ 500 ਮੀਟਰ ਘੇਰੇ ਅੰਦਰ ਪਟਾਖੇ ਚਲਾਉਣ ‘ਤੇ ਪਾਬੰਦੀ *ਨਿਸ਼ਚਿਤ ਕੀਤੀਆਂ ਥਾਵਾਂ ਤੋਂ ਬਿਨਾਂ ਹੋਰ ਥਾਵਾਂ ‘ਤੇ ਪਟਾਖੇ ਨਹੀਂ ਵਿਕਣਗੇ-ਯਾਦਵ
ਬਠਿੰਡਾ- ਜ਼ਿਲ•ਾ ਮੈਜਿਸਟਰੇਟ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਉਣ ਵਾਲੇ ਦਿਨਾਂ ਵਿਚ ਦੁਸਹਿਰਾ ਤੇ ਦੀਵਾਲੀ ਸਮੇਂ ਪਿੰਡ ਫੂਸ ਮੰਡੀ ਦੇ ਖੇਤਰ ‘ਚ ਵੱਖ-ਵੱਖ ਕੰਪਨੀਆਂ ਦੇ ਤੇਲ ਭੰਡਾਰਾਂ ਦੇ 500 ਮੀਟਰ ਦੇ ਏਰੀਏ ਅੰਦਰ ਉਹ ਪਟਾਖੇ, ਜਿਹੜੇ ਹਵਾ ਵਿਚ ਜਾ ਕੇ ਫਟਦੇ ਹਨ ਜਾਂ ਦੂਰ ਤੱਕ ਮਾਰ ਕਰ ਸਕਦੇ ਹਨ, ਦੇ ਚਲਾਉਣ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਨਿਸ਼ਚਤ ਕੀਤੀਆਂ ਥਾਵਾਂ ਤੋਂ ਬਿਨਾਂ ਹੋਰ ਥਾਵਾਂ ਤੇ ਸ਼ਹਿਰਾਂ ਅਤੇ ਪਿੰਡਾਂ ਵਿਚ ਪਟਾਖੇ ਵੇਚਣ ‘ਤੇ ਪਾਬੰਦੀ ਲਗਾਏ ਜਾਣ ਦੇ ਹੁਕਮ ਦਿੱਤੇ ਗਏ ਹਨ। ਸ੍ਰੀ ਯਾਦਵ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਦੁਸਹਿਰਾ ਤੇ ਦੀਵਾਲੀ ਦੇ ਤਿਉਹਾਰ ਮਨਾਉਣ ਸਮੇਂ ਜ਼ਿਲ•ੇ ਵਿਚ ਬਹੁਤ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਵਿਚ ਆਤਿਸ਼ਬਾਜ਼ੀ, ਪਟਾਖੇ ਆਦਿ ਦਾ ਸਾਮਾਨ ਕਾਫੀ ਮਾਤਰਾ ਵਿਚ ਆਪਣੀਆਂ ਦੁਕਾਨਾਂ ਵਿਚ ਜਮਾਂ ਕਰ ਸਕਦੇ ਹਨ, ਪਰੰਤੂ ਦੁਕਾਨਦਾਰਾਂ ਵੱਲੋਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਜਾਂਦੇ, ਜਿਸ ਨਾਲ ਜ਼ਿਲ•ੇ ਦੇ ਖੇਤਰ ਅੰਦਰ ਮਾਨਵ ਜੀਵਨ ਅਤੇ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਪਿੰਡ ਫੂਸ ਮੰਡੀ ਵਿਖੇ ਵੱਖ-ਵੱਖ ਕੰਪਨੀਆਂ ਦੇ ਤੇਲ ਭੰਡਾਰਾਂ ਦੇ 500 ਮੀਟਰ ਅੰਦਰ ਪਟਾਖੇ ਚਲਾਉਣ ‘ਤੇ ਕੋਈ ਵੀ ਘਟਨਾ ਵਾਪਰ ਸਕਦੀ ਹੈ ਅਤੇ ਕਿਸੇ ਸਮੇਂ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਲਈ ਇਸ ਦੀ ਰੋਕਥਾਮ ਜ਼ਰੂਰੀ ਹੈ।