October 3, 2011 admin

ਵਿਸ਼ਵ ਵਾਤਾਵਰਨ ਸੁਰੱਖਿਆ ਦਿਵਸ ਮਨਾਇਆ ਗਿਆ।

"ਰੁੱਖ ਅਤੇ ਜੰਗਲ ਸਭਿਅਤਾਵਾਂ ਦੇ ਜ਼ਿੰਦਾ ਰਹਿਣ ਲਈ ਜ਼ਰੂਰੀ ਹਨ। ਤੇਜ਼ੀ ਨਾਲ ਕੱਟੇ ਜਾ ਰਹੇ ਰੁੱਖਾਂ ਕਾਰਨ ਕੁਦਰਤੀ ਵਾਤਾਵਰਨ ਵਿੱਚ ਅੰਸਤੁਲਨ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਕਈ ਜਨ-ਜਾਤੀਆਂ ਦਾ ਘਾਣ ਹੋ ਰਿਹਾ ਹੈ। ਇਸ ਲਈ ਹਰੇਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਆਪਣੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਏ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਕੀਤਾ ਜਿਹਨਾਂ ਦੀ ਅਗਵਾਈ ਵਿੱਚ ਸਕੂਲ ਵਿੱਚ ਅੱਜ ‘ਵਿਸ਼ਵ ਵਾਤਾਵਰਨ ਸੁਰੱਖਿਆ ਦਿਵਸ’ ਮਨਾਇਆ ਗਿਆ। ਇਸ ਸੰਬੰਧ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ  ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ, ਮੁੱਖ ਅਧਿਆਪਕਾਵਾਂ ਸ਼੍ਰੀਮਤੀ ਰੇਣੂ ਅਹੂਜਾ, ਸ਼੍ਰੀਮਤੀ ਨਿਸ਼ਚਿੰਤ ਕਾਹਲੋਂ ਅਤੇ ਹੋਰ ਅਧਿਆਪਕਾਵਾਂ ਸਹਿਤ ਤਰਨਤਾਰਨ ਜ਼ਿਲ੍ਹੇ ਦੇ ‘ਪਿੱਦੀ’ ਪਿੰਡ ਵਿੱਚ ਪਹੁੰਚ ਕੇ ਉੱਥੇ ਆਲੇ-ਦੁਆਲੇ ਨੂੰ ਸੁੰਦਰ ਅਤੇ ਹਰਿਆਵਲਾ ਬਣਾਉਣ ਲਈ ਪੌਦੇ ਲਗਾਏ। ਵਿਦਿਆਰਥੀਆਂ ਵੱਲੋਂ ਵਾਤਾਵਰਨ ਨੂੰ ਗੰਦਗੀ ਅਤੇ ਪ੍ਰਦੂਸ਼ਣ ਰਹਿਤ ਤੇ ਹਰਿਆ-ਭਰਿਆ ਬਣਾਉਣ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਵੀ ਲਿਆ ਗਿਆ। ਇਹਨਾਂ ਵਿਚਾਰਾਂ ਨੂੰ ਪ੍ਰਗਟਾਉਂਦੇ ਹੋਏ ਉਹਨਾਂ ਦੁਆਰਾ ਤਰਨਤਾਰਨ ਤੋਂ ਹਰੀਕੇ ਪੱਤਣ ਤੱਕ ਇਕ ਰੈਲੀ ਵੀ ਕੱਢੀ ਗਈ ਜਿਸ ਰਾਹੀਂ ਉਹਨਾਂ ਨੇ ਆਸ-ਪਾਸ ਦੇ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੁਆਰਾ ਹਰੀਕੇ ਪੱਤਣ ਵਿਖੇ ਨਿਰਮਿਤ ਪੰਛੀਆਂ ਦੀ ਰੱਖ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਪੰਛੀ ਆਉਂਦੇ ਹਨ। ਵਿਦਿਆਰਥੀਆਂ ਨੇ ਕੁਝ ਸਮੇਂ ਲਈ ਹਰੀਕੇ ਝੀਲ ਦੀ ਖੂਬਸੂਰਤੀ ਦਾ ਅਨੰਦ ਵੀ ਮਾਣਿਆ।

Translate »