October 3, 2011 admin

ਅੰਮ੍ਰਿਤਸਰ ਵਿੱਚ ਬਾਲ ਫਿਲਮ ਉਤਸਵ ਆਰੰਭ

ਅੰਮ੍ਰਿਤਸਰ- ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਬਾਲ ਫਿਲਮ ਉਤਸਵ ਦਾ ਸ਼ੁਭ ਆਰੰਭ ਅਜ ਸਥਾਨਿਕ ਐਨ.ਐਮ. ਸਿਨੇਮਾ ਵਿੱਚ ਫਿਲਮ ਸੁਰਬੀ ਦੇ ਪ੍ਰਦਰਸ਼ਨ ਸਮੇਂ ਫੀਤਾ ਕੱਟ ਕੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚੇ ਬੜੇ ਉਤਸਾਹ ਨਾਲ ਫਿਲਮ ਦਾ ਪ੍ਰਦਰਸ਼ਨ ਦੇਖਣ ਲਈ ਪੁੱਜੇ।
               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਲ ਫਿਲਮ ਉਤਸਵ ਦੋਰਾਨ ਬੱਚਿਆਂ ਨੂੰ ਦੇਸ਼ ਭਗਤੀ, ਨੈਤਿਕ ਕਦਰਾਂ ਕੀਮਤਾਂ ਅਤੇ ਚਰਿਤਰ ਨਿਰਮਾਣ ਬਾਬਤ ਸਿਖਿਆ ਦਾਇਕ ਫਿਲਮਾਂ ਮੁਫਤ ਵਿਖਾ  ਕੇ ਸਰਕਾਰ ਵਿਦਿਆਰਥੀ ਵਰਗ ਨੂੰ ਪੱਛਮੀ ਸਭਿਆਚਾਰ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਫਿਲਮਾਂ ਹਰ ਸਾਲ ਬਾਲ ਚਿੱਤਰ ਸੰਮਤੀ ਭਾਰਤ ਸਰਕਾਰ ਵੱਲੋਂ ਵਿਖਾਈਆਂ ਜਾਂਦੀਆਂ ਹਨ।
               ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਸੰਗਮ, ਨਿਊ ਰਿਆਲਟੋ, ਆਦਰਸ਼, ਰਿਜੰਟ, ਐਨ.ਐਮ., ਕ੍ਰਿਸ਼ਨਾ, ਰਾਜ, ਇੰਦਰ ਪੈਲੇਸ, ਸੂਰਜ ਅਤੇ ਨਿਸ਼ਾਤ ਸਮੇਤ ਜਿਲ੍ਹੇ ਦੇ 10 ਸਿਨੇਮਾ ਹਾਲਾਂ ਵਿੱਚ ਲਗਭਗ 90 ਤੋਂ 100 ਮਿਨਟਾਂ ਦੀਆਂ ਫਿਲਮਾਂ ਵਿਖਾਇਆ ਜਾਣਗੀਆਂ। ਬਾਲ ਫਿਲਮ ਉਤਸਵ ਦੋਰਾਨ ਛੋਟਾ ਸਿਪਾਹੀ, ਯੇਹ ਹੈ ਚੱਕੜ ਬੱਕੜ, ਹੇਡਾ ਹੋਡਾ, ਕਰਾਮਾਤੀ ਕੋਟ, ਸੁਰਬੀ, ਹਾਥੀ ਕਾ ਅੰਡਾ, ਦਾ ਗੋਲ, ਛੂ ਲੇਗੇ ਆਕਾਸ਼, ਗਿੱਲੀ-ਗਿੱਲੀ ਅੱਟਾ ਅਤੇ ਸਿਕਸਰ ਫਿਲਮਾਂ ਦਾ ਪ੍ਰਦਰਸ਼ਨ 3 ਅਕਤੂਬਰ 2011 ਤੋਂ 10 ਅਕਤੂਬਰ 2011 ਦੋਰਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 3 ਤੋਂ 5 ਅਕਤੂਬਰ ਤੱਕ ਸੀਨੀਅਰ ਸੈਕੰਡਰੀ ਸਕੂਲਾ ਦੇ ਬੱਚਿਆਂ ਨੂੰ ਫਿਲਮਾਂ ਵਿਖਾਇਆ ਜਾਣਗੀਆਂ ਅਤੇ ਦੂਸ਼ਹਿਰੇ ਦੀ ਛੁੱਟੀ ਉਪਰੰਤ 7 ਤੋਂ 10 ਅਕਤੂਬਰ ਤੱਕ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਨੂੰ ਫਿਲਮਾਂ ਵਿਖਾਇਆ ਜਾਣਗੀਆਂ। ਇਨ੍ਹਾਂ ਹੀ ਨਹੀਂ ਜਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਸਦਕਾ ਇਸ ਸਾਲ ਪੇਂਡੂ ਖੇਤਰਾਂ ਦੇ ਸਕੂਲੀ ਬੱਚਿਆਂ ਨੂੰ ਪ੍ਰੇਰਨਾਦਾਇਕ ਫਿਲਮਾਂ ਵਿਖਾਉਣ ਲਈ 50 ਵਿਸ਼ੇਸ਼ ਸ਼ੌਅਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੰਤਵ ਲਈ ਸਕੂਲਾਂ ਨੂੰ ਪ੍ਰੋਜੈਕਟਰ ਆਦ ਦਾ ਪ੍ਰਬੰਧ ਕਰਨ ਲਈ ਬਾਲ ਚਿੱਤਰ ਸੰਮਤੀ ਵੱਲੋਂ 900 ਰੁਪਏ ਪ੍ਰਤੀ ਸ਼ੋਅ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ।
               ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ: ਬਲਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰ: ਮਨਮੋਹਣ ਸਿੰਘ ਕੰਗ, ਐਸ.ਡੀ.ਐਮ. ਅੰਮ੍ਰਿਤਸਰ-2, ਡਿਪਟੀ ਡੀ.ਈ.ਉ. ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਮੌਜੂਦ ਸਨ। 

Translate »