October 3, 2011 admin

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੇਸਹਾਰਾ ਅਤੇ ਗਰੀਬ ਬੱਚਿਆਂ

ਲਈ ਬਾਲ ਘਰ ਬਣਾਏ ਜਾਣਗੇ-ਪ੍ਰੋ. ਲਕਸ਼ਮੀ ਕਾਂਤਾ ਚਾਵਲਾ
ਅੰਮ੍ਰਿਤਸਰ- ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਅੱਜ ਜ਼ਿਲ੍ਹੇ ਦੇ ਪਿੰਡ ਥਾਂਦੇ ਵਿਖੇ ਬਣਨ ਵਾਲੇ ਇੱਕ ਪੁਲ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਕੇਂਦਰੀ ਸਰਕਾਰ ਦੇ ਪ੍ਰੋਜੈਕਟ ੁਇੰਨਟੈਗਰਲ ਚਾਈਲਡ ਡਿਵੈੱਲਪਮੈਂਟ ਪ੍ਰੋਗਰਾਮ” ਅਧੀਨ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਬੇਸਹਾਰਾ ਅਤੇ ਗਰੀਬ ਬੱਚਿਆ ਲਈ ਬਾਲ ਘਰ ਬਣਾਏ ਜਾ ਰਹੇ ਹਨ।

       ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਣਨ ਵਾਲੇ ਇੰਨ੍ਹਾਂ ਬਾਲ ਘਰਾਂ ਵਿੱਚੋਂ 7 ਜ਼ਿਲ੍ਹਿਆਂ ਲਈ ਮਨਜੂਰੀ ਮਿਲ ਚੁੱਕੀ ਹੈ ਅਤੇ ਜਲਦੀ ਹੀ ਇੰਨ੍ਹਾਂ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਇੰਨ੍ਹਾਂ ਬਾਲ ਘਰਾਂ ਵਿੱਚ ਬੇਸਹਾਰਾ ਅਤੇ ਗਰੀਬ ਬੱਚਿਆਂ ਨੂੰ ਸਹਾਰਾ ਦੇਣ ਦੇ ਨਾਲ-ਨਾਲ ਮੁਫ਼ਤ ਵਿੱਦਿਆ ਅਤੇ ਖਾਣੇ ਦੀ ਸਹੂਲਤ ਦਿੱਤੀ ਜਾਵੇਗੀ।

       ਇਸ ਮੌਕੇ ਪਿੰਡ ਥਾਂਦੇ ਅਤੇ ਕੋਟ ਖਾਲਸਾ ਵਿਖੇ ਵਗ ਰਹੇ ਗੰਦੇ ਨਾਲੇ ਉੱਤੇ ਬਣਨ ਵਾਲੇ ਪੁਲ ਦੇ ਕੰਮ ਦਾ ਉਦਘਾਟਨ ਕਰਨ ਉਪਰੰਤ ਪ੍ਰੋ. ਚਾਵਲਾ ਨੇ ਦੱਸਿਆ ਕਿ 1 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪੁਲ ਦਾ ਇਲਾਕੇ ਦੇ ਪਿੰਡਾਂ ਥਾਂਦੇ, ਫੱਤਾਹਪੁਰ, ਸਾਂਘਣਾ, ਹਵੇਲੀਆਂ, ਇੱਬਣ ਪੁਲ, ਸਰਾਏ ਅਮਾਨਤ ਖਾਂ, ਠਠਗੜ੍ਹ, ਖਾਪੜਖੇੜੀ ਅਤੇ ਝਬਾਲ ਰੋਡ ‘ਤੇ ਲਗਦੇ ਲਗਭਗ 50 ਪਿੰਡਾਂ ਨੂੰ ਲਾਭ ਪੁੱਜੇਗਾ ਅਤੇ ਅੰਮ੍ਰਿਤਸਰ ਸ਼ਹਿਰ ਪਹੁੰਚਣ ਲਈ ਹੁਣ ਲੋਕਾਂ ਨੂੰ ਜੋ ਦੂਰੀ ਲਗਭਗ 15 ਕਿਲੋਮੀਟਰ ਪੈਂਦੀ ਹੈ, ਉਹ ਘੱਟ ਕੇ 5 ਕਿਲੋਮੀਟਰ ਰਹਿ ਜਾਵੇਗੀ ਅਤੇ ਇਹ ਪੁਲ ਚਾਰ ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ।

       ਉਨ੍ਹਾਂ ਦੱਸਿਆ ਕਿ ਪਿੰਡ ਥਾਂਦੇ ਤੋਂ ਗੁਰਦੁਆਰਾ ਚੁਬੱਚਾ ਸਾਹਿਬ ਤੱਕ ਅਤੇ ਥਾਂਦੇ ਤੋਂ ਗੁਰੂ ਕੀ ਵਡਾਲੀ ਤੱਕ ਪੱਕੀ ਸੜਕ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੂੰ ਲਿਖਿਆ ਹੈ ਅਤੇ ਪਿੰਡ ਫੱਤਾਹਪੁਰ ਮੇਨ ਰੋਡ ਤੋਂ ਥਾਂਦੇ ਪਿੰਡ ਤੱਕ ਦੀ ਸ਼ੜਕ ਦਾ ਬਹੁਤ ਬੁਰਾ ਹਾਲ ਅਤੇ ਇਸ ਦੀ ਮੁਰੰਮਤ ਕਰਾਉਣ ਲਈ ਮੰਡੀ ਬੋਰਡ ਨੂੰ ਕਿਹਾ ਗਿਆ ਹੈ ਅਤੇ ਇਸ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ।

       ਇਸ ਉਪਰੰਤ ਪ੍ਰੋ. ਚਾਵਲਾ ਨੇ ਦੱਸਿਆ ਕਿ ਪੰਜਾਬ ਵਿੱਚ ਜੇਲਾਂ੍ਹ ਨੁੰ ਸੁਧਾਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੜਕੀਆ ਵਿੱਚ ਸਿੱਖਿਆਂ ਦੇ ਪ੍ਰਸਾਰ ਲਈ ਵੱਡੇ ਉਦਮ ਕੀਤੇ ਜਾ ਰਹੇ ਹਨ।

       ਇਸ ਮੌਕੇ ਇਲਾਕੇ ਦੇ ਲੋਕਾਂ ਤੋਂ ਇਲਾਵਾ ਸ੍ਰ. ਬਲਵਿੰਦਰ ਸਿੰਘ ਸਰਪੰਚ ਪਿੰਡ ਕੀਰਤਨਗੜ੍ਹ ਥਾਂਦੇ,  ਸ਼੍ਰੀਮਤੀ ਮਨਪੀ੍ਰਤ ਕੌਰ ਸਰਪੰਚ ਪਿੰਡ ਥਾਂਦੇ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਰਪੰਚ ਪਿੰਡ ਖਾਪੜਖੇੜੀ, ਸ੍ਰ. ਮਗਵਿੰਦਰ ਸਿੰਘ ਖਾਪੜਖੇੜੀ, ਸ੍ਰ. ਗੁਰਮੀਤ ਸਿੰਘ ਰੂਬੀ ਸਰਪੰਚ ਪਿੰਡ ਮੂਲੇਚੱਕ ਅਤੇ ਅਕਾਲੀ -ਭਾਜਪਾ ਆਗੂ ਵੀ ਹਾਜ਼ਰ ਸਨ।

Translate »