October 4, 2011 admin

ਕਿਸਾਨ ਮੰਡੀਆਂ ‘ਚ ਸੁੱਕਾ ਝੋਨਾ ਹੀ ਲੈ ਕੇ ਆਉਣ-ਡਿਪਟੀ ਕਮਿਸ਼ਨਰ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕਪੂਰਥਲਾ, – ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀ ‘ਚ ਸੁੱਕਾ ਝੋਨਾ ਹੀ ਲੈ ਕੇ ਆਉਣ, ਤਾਂ ਜੋ ਝੋਨਾ ਮੰਡੀ ‘ਚ ਅਸਾਨੀ ਨਾਲ ਵਿਕ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ, ਪਰ ਝੋਨੇ ‘ਚ ਵੱਧ ਨਮੀ ਕਈ ਵਾਰ ਰੁਕਾਵਟ ਬਣ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਸੁੱਕਾ ਝੋਨਾ ਹੀ ਮੰਡੀ ‘ਚ ਲਿਆਂਦਾ ਜਾਵੇ। ਅੱਜ ਸਵੇਰੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਝੋਨੇ ਦੀ ਖਰੀਦ ਸਬੰਧੀ ਵਿਚਾਰ-ਚਰਚਾ ਕਰਦੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਝੋਨੇ ਦੀ ਖਰੀਦ ‘ਚ ਆਉਂਦੀ ਕਿਸੇ ਵੀ ਰੁਕਾਵਟ  ਨੂੰ ਫੌਰੀ ਤੌਰ ‘ਤੇ ਦੂਰ ਕਰਨ ਅਤੇ ਜੇਕਰ ਕੋਈ ਮੁਸ਼ਿਕਲ ਆਉਂਦੀ ਹੈ, ਤਾਂ ਤੁਰੰਤ ਮੇਰੇ ਧਿਆਨ ‘ਚ ਲਿਆਉਣ। ਡਾ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ, ਪਰ ਇਸ ਲਈ ਸਰਕਾਰੀ ਮਾਪਦੰਡ ਪੂਰੇ ਕਰਨੇ ਕਿਸਾਨਾਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਰਾਤ 7 ਵਜੇ ਤੋਂ ਬਾਅਦ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਕੰਬਾਇਨ ਨਾਲ ਝੋਨਾ ਕੱਟਣ ‘ਤੇ ਪਾਬੰਦੀ ਲਗਾਈ ਹੋਈ ਹੈ। ਇਸ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਖੇਤੀਬਾੜੀ ਅਧਿਕਾਰੀਆਂ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਮੈਂ ਖ਼ੁਦ ਵੀ ਰਾਤ ਨੂੰ ਜਾ ਕੇ ਵੇਖਾਗਾਂ ਅਤੇ ਇਸ ਸਮੇਂ ਦੌਰਾਨ ਜੇਕਰ ਕੋਈ ਕੰਬਾਇਨ ਝੋਨਾ ਕੱਟਦੀ ਫੜੀ ਗਈ ਤਾਂ ਕੇਸ ਦਰਜ ਕਰ ਦਿੱਤਾ ਜਾਵੇਗਾ। ਮੀਟਿੰਗ ‘ਚ ਹਾਜ਼ਰ ਜ਼ਿਲ੍ਹਾ ਫੂਡ ਸਪਲਾਈ ਕੰਟਰਲੋਰ ਮੈਡਮ ਰਜਨੀਸ਼ ਕੌਰ, ਜੋ ਕਿ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਵੇਖ ਰਹੇ ਹਨ, ਨੇ ਦੱਸਿਆ ਕਿ ਜ਼ਿਲੇ ‘ਚ ਪਨਗਰੇਨ, ਮਾਰਕਫੈਡ, ਪੰਜਾਬ ਐਗਰੋ, ਵੇਅਰਹਾਊਸ, ਐਫ. ਸੀ. ਆਈ., ਪਨਸਪ ਆਦਿ ਨੇ ਖਰੀਦ ਸ਼ੁਰੂ ਕਰ ਦਿੱਤੀ ਹੈ। ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸ਼ੈਲਰਾਂ ਦੀ ਅਲਾਟਮੈਂਟ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪ ਰੋਜ਼ਾਨਾ ਵੱਖ-ਵੱਖ ਮੰਡੀਆਂ ‘ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈ ਰਹੇ ਹਨ। ਅੱਜ ਦੀ ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ ਸ. ਗੁਰਮੇਲ ਸਿੰਘ, ਡਿਪਟੀ ਮੰਡੀ ਅਫਸਰ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।

Translate »