ਅੰਮ੍ਰਿਤਸਰ – ਟਾਊਨ ਹਾਲ ਵਿਖੇ ਸਥਿਤ ਨਗਰ ਨਿਗਮ ਦੇ ਦਫ਼ਤਰ ਨੂੰ ਸ਼ਿਫਟ ਕਰਨ ਲਈ ਸਥਾਨਕ ਰਣਜੀਤ ਐਵੀਨਿਊ ਵਿਖੇ ਨਵੀਂ ਜਗ੍ਹਾ ਅਲਾਟ ਕਰ ਦਿੱਤੀ ਗਈ ਹੈ, ਜਿਸ ਦਾ ਨੀਂਹ ਪੱਥਰ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ੍ਰੀ ਤਕੀਸ਼ਣ ਸੂਦ 14 ਅਕਤੂਬਰ, 2011 ਨੂੰ ਆਪਣੇ ਕਰ ਕਮਲਾਂ ਨਾਲ ਰੱਖਣਗੇ।
ਇਹ ਜਾਣਕਾਰੀ ਦਿੰਦਿਆਂ ਸ੍ਰ ਨਵਜੋਤ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ ਆਪਣੇ ਦਫ਼ਤਰ ਦੇ ਪਿਛਲੇ ਪਾਸੇ ਪੈਂਦੀ 8 ਏਕੜ ਜਗ੍ਹਾ ਵਿੱਚੋਂ ਤਕਰੀਬਨ 2.5 ਏਕੜ ਜਗ੍ਹਾ ਨਗਰ ਨਿਗਮ ਦੇ ਦਫ਼ਤਰ ਦੀ ਉਸਾਰੀ ਲਈ ਪ੍ਰਦਾਨ ਕਰਨ ਦੀ ਮਨਜੂਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ 8 ਏਕੜ ਥਾਂ ਨੂੰ 3 ਬਰਾਬਰ ਦੇ ਹਿੱਸਿਆਂ ਵਿੱਚ ਵੰਡ ਕੇ ਉਥੇ ਨਗਰ ਨਿਗਮ, ਅੰਮ੍ਰਿਤਸਰ, ਸੀਵਰੇਜ ਬੋਰਡ ਦਾ ਦਫ਼ਤਰ ਅਤੇ ਇਕ ਅਤਿ ਆਧੁਨਿਕ ਕਨਵੈਂਨਸ਼ਨ ਸੈਂਟਰ ਉਸਾਰਿਆ ਜਾਵੇਗਾ। ਸ੍ਰ ਸਿੱਧੂ ਨੇ ਦੱਸਿਆ ਕਿ ਕਨਵੈਂਨਸ਼ਨ ਸੈਂਟਰ ਦੀ ਉਸਾਰੀ ਲਈ ਵੀ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ 20 ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਸ੍ਰ ਨਵਜੋਤ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਦਾ ਮੌਜੂਦਾ ਦਫ਼ਤਰ ਟਾਊਨ ਹਾਲ ਤੋਂ ਸ਼ਿਫਟ ਕਰਨ ਉਪਰੰਤ ਉਸ ਇਤਿਹਾਸਕ ਇਮਾਰਤ ਵਿੱਚ ਪੰਜਾਬੀ ਸਭਿਆਚਾਰਕ ਅਤੇ ਵਿਰਾਸਤ ਨੂੰ ਰੂਪਮਾਨ ਕਰਦਾ ਅਜਾਇਬ ਘਰ ਉਸਾਰਿਆ ਜਾਵੇਗਾ। ਉਨ੍ਹ੍ਰਾਂ ਦੱਸਿਆ ਕਿ ਇਸ ਇਮਾਰਤ ਦਾ ਇਕ ਹਿੱਸਾ ਜਿਲ੍ਹਾ ਪੁਲਿਸ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਦੂਜਾ ਹਿੱਸਾ ਨਗਰ ਨਿਗਮ ਵੱਲੋਂ ਵਰਤਿਆ ਜਾ ਰਿਹਾ ਹੈ। ਸ੍ਰ ਸਿੱਧੂ ਨੇ ਕਿਹਾ ਕਿ ਪੁਲਿਸ ਵੱਲੋਂ ਆਪਣੇ ਅਧੀਨ ਆਉਂਦੇ ਇਮਾਰਤ ਦੇ ਹਿੱਸੇ ਨੂੰ ਖਾਲੀ ਕਰ ਦਿੱਤਾ ਗਿਆ ਹੈ ਅਤੇ ਉਸ ਹਿੱਸੇ ਦੇ ਰੈਸਟੋਰੇਸ਼ਨ (ਸਾਂਭ ਸੰਭਾਲ) ਦਾ ਕੰਮ ਆਰੰਭ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ 30 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਹਨ ਅਤੇ ਜਲਦੀ ਹੀ ਨਗਰ ਨਿਗਮ ਦੇ ਦਫ਼ਤਰ ਨੂੰ ਸ਼ਿਫਟ ਕਰਨ ਉਪਰੰਤ ਇਸ ਸਥਾਨ ਤੇ ਬੇਹੱਦ ਖੂਬਸੂਰਤ ਅਜਾਇਬ ਘਰ ਉਸਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਤਨ ਇਤਿਹਾਸਕ ਢਾਂਚੇ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਜਾਵੇਗਾ ਬਲਕਿ ਪ੍ਰਾਜੈਕਟ ਦੇ ਪਹਿਲੇ ਚਰਨ ਵਿੱਚ ਕੇਵਲ ਉਸ ਹਿੱਸੇ ਦੀ ਸਾਂਭ ਸੰਭਾਲ ਲੱਗਭੱਗ 9 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਾਊਨ ਹਾਲ ਕੰਪਲੈਕਸ ਦੇ ਅਗਲੇ ਤੇ ਪਿਛਲੇ ਪਾਸੇ ਖਾਲੀ ਪਈਆਂ ਥਾਵਾਂ ਦਾ ਸਦਉਪਯੋਗ ਕੀਤਾ ਜਾਵੇਗਾ। ਇਨ੍ਹਾਂ ਥਾਵਾਂ ਤੇ ਪ੍ਰਾਜੈਕਟ ਦੇ ਦੂਜੇ ਚਰਨ ਵਿੱਚ ਲੱਗਭੱਗ 5000 ਸਕੇਅਰ ਮੀਟਰ ਖੇਤਰ ਵਿੱਚ ਜਮੀਨਦੋਜ ਅਜਾਇਬ ਘਰ, ਫੋਟੋ ਗੈਲਰੀ, ਵਿਰਾਸਤੀ ਵਸਤਾਂ ਦੀਆਂ ਦੁਕਾਨਾਂ ਆਦਿ ਬਣਾਈਆਂ ਜਾਣਗੀਆਂ ਅਤੇ ਲੈਂਡਸਕੇਪਿੰਗ ਕੀਤੀ ਜਾਵੇਗੀ।
ਸ੍ਰ ਸਿੱਧੂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਮੇਅਰ ਇੰਜ: ਸ਼ਵੇਤ ਮਲਿਕ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਧਰਮਪਾਲ ਗੁਪਤਾ ਅਤੇ ਸ੍ਰੀ ਸੰਜੀਵ ਖੰਨਾ, ਚੇਅਰਮੈਨ ਨਗਰ ਸੁਧਾਰ ਟਰੱਸਟ ਨਾਲ ਅੱਜ ਇਕ ਵਿਸੇਸ਼ ਮੀਟਿੰਗ ਕਰਕੇ ਅੰਮ੍ਰਿਤਸਰ ਵਿੱਚ ਪ੍ਰਗਤੀ ਅਧੀਨ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਐਲਾਨੇ ਵਿਕਾਸ ਕਾਰਜਾਂ ਵਿੱਚੋਂ 80 ਤੋਂ 90 ਫੀਸਦੀ ਕੰਮ ਦਸੰਬਰ, 2011 ਤੱਕ ਮੁਕੰਮਲ ਹੋ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਤਾਰਾਂ ਵਾਲੇ ਪੁਲ ਦਾ ਕੰਮ 15 ਜਨਵਰੀ, 2012, ਇਸ ਪੁਲ ਤੋਂ 8 ਮਾਰਗੀਕਰਨ ਦਾ ਕੰਮ 30 ਦਸੰਬਰ, 2011 , ਯੂ:ਬੀ:ਡੀ:ਸੀ ਕਨਾਲ ਦੇ ਨਾਲ ਲੱਗਦੀ ਸੜਕ ਦਾ ਕੰਮ 16 ਫਰਵਰੀ, 2012, ਅਜਨਾਲਾ ਰੋਡ ਦਾ ਕੰਮ ਸਮੇਂ ਤੋਂ ਇਕ ਮਹੀਨਾ ਪਹਿਲਾਂ 29 ਦਸੰਬਰ, 2011, ਐਲੀਵੇਟਿਡ ਰੋਡ ਦਾ ਕੰਮ 30 ਅਕਤੂਬਰ, 2011, ਗੰਦੇ ਨਾਲੇ ਨੂੰ ਢੱਕਣ ਦਾ ਕੰਮ 30 ਨਵੰਬਰ, 2011, ਆਉਟਰ ਰਿੰਗ ਰੋਡ ਦਾ 31 ਦਸੰਬਰ, 2011 ਅਤੇ ਸਕੱਤਰੀ ਬਾਗ ਜਿਸ ਦਾ ਤਕਰੀਬਨ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਦਾ ਵੀ ਬਕਾਇਦਾ ਰਹਿੰਦਾ ਕੰਮ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਹੋ ਜਾਵੇਗਾ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਉਸਾਰੇ ਜਾ ਰਹੇ ਰੋਜ ਗਾਰਡਨ ਨੂੰ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਸ੍ਰ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਬਣਨ ਵਾਲੇ ਪਹਿਲੇ ਫਲਾਈਓਵਰ ਦਾ ਕੰਮ ਵੀ ਇਸੇ ਮਹੀਨੇ ਵਿੱਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਚਲੂ ਚੌਂਕ ਵਿੱਚ ਲੱਗਭੱਗ 22 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੁਲ ਉਸਾਰਿਆ ਜਾਵੇਗਾ ਜਿਸ ਨਾਲ ਆਵਾਜਾਈ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ। ਉਨ੍ਹਾਂ ਅੱਗੇ ਦੱਸਿਆ ਕਿ ਭੰਡਾਰੀ ਪੁਲ ਦੇ ਨਜਦੀਕ ਬਣਨ ਵਾਲਾ ਰੇਲਵੇ ਫਲਾਈਓਵਰ ਦਾ ਕੰਮ ਰਾਈਟਸ ਕੰਪਨੀ ਦੇ ਸਪੁਰਦ ਕਰ ਦਿੱਤਾ ਗਿਆ ਹੈ ਅਤੇ 20 ਕਰੋੜ ਰੁਪਏ ਦੀ ਲਾਗਤ ਬਣਨ ਵਾਲੇ ਇਸ ਪੁਲ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਇਨ੍ਹਾਂ ਹੀ ਨਹੀਂ ਅੰਮ੍ਰਿਤਸਰ ਉਤਰੀ ਤੇ ਕੇਂਦਰੀ ਹਲਕੇ ਵਿੱਚ 162 ਕਰੋੜ ਰੁਪਏ ਦੀ ਲਾਗਤ ਨਾਲ ਜਾਇਕਾ ਪ੍ਰਾਜੈਕਟ ਤਹਿਤ ਸੀਵਰੇਜ ਦਾ ਕੰਮ ਵੀ ਜਲਦੀ ਹੀ ਆਰੰਭ ਕੀਤਾ ਜਾਵੇਗਾ।
ਸ੍ਰ ਸਿੱਧੂ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਦੀੰ ਹਰ 10 ਦਿਨਾਂ ਬਾਅਦ ਆਪ ਸਮੀਖਿਆ ਕਰਨਗੇ ਤਾਂ ਜੋ ਵਿਕਾਸ ਕਾਰਜਾਂ ਦੀ ਗਤੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਸਾਰੇ ਪਾ੍ਰਜੈਕਟ ਮਿਤੀਬੱਧ ਰੂਪ ਵਿੱਚ ਮੁਕੰਮਲ ਹੋ ਸਕਣ।