October 4, 2011 admin

ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਬਰਨਾਲਾ ਦੇ ਅਗਾਂਹਵਧੂ ਕਿਸਾਨਾਂ ਨੂੰ ਬਠਿੰਡਾ ਕਿਸਾਨ ਮੇਲੇ ਵਿੱਚ ਭੇਜਿਆ

 ਬਰਨਾਲਾ, – ਡਾ| ਬਿੱਕਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਦੀ ਅਗਵਾਈ ਹੇਠ ਡਾ| ਦਲੀਪ ਚੰਦ ਮੱਲੀ ਬਲਾਕ ਖੇਤੀਬਾੜੀ ਅਫ਼ਸਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲੱਗੇ ਖੇਤਰੀ ਕਿਸਾਨ ਮੇਲੇ ਵਿੱਚ ਜ਼ਿਲ੍ਹਾ ਬਰਨਾਲਾ ਦੇ 35 ਅਗਾਂਹਵਧੂ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਕਿਸਾਨ ਮੇਲਾ ਦਿਖਾਇਆ ਗਿਆ। ਬਠਿੰਡਾ ਵਿਖੇ ਕਿਸਾਨ ਮੇਲੇ ਲਈ ਕਿਸਾਨਾਂ ਦੀ ਬੱਸ ਨੂੰ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ| ਬਿੱਕਰ ਸਿੰਘ ਸਿੱਧੂ ਵੱਲੋਂ ਰਵਾਨਾ ਕੀਤਾ ਗਿਆ।
ਕਿਸਾਨ ਮੇਲੇ ਦੌਰਾਨ ਖੇਤੀ ਮਾਹਿਰਾਂ ਵੱਲੋਂ ਜਿੱਥੇ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੇ ਵਧੀਆ ਬੀਜ ਅਤੇ ਫਲਦਾਰ ਬੂਟੇ ਉਪਲੱਬਧ ਕਰਾਏ ਗਏ ਉੱਥੇ ਵਿਭਾਗੀ ਨੁਮਾਇਸ਼ਾਂ ਰਾਹੀਂ ਮਧੂ ਮੱਖੀ ਪਾਲਣ, ਗੰਡੋਆ ਖਾਦ, ਮੱਛੀ ਪਾਲਣ, ਡੇਅਰੀ ਫਾਰਮਿੰਗ ਅਤੇ ਨਵੀਨਤਮ ਮਸ਼ੀਨਰੀ ਬਾਰੇ ਭਰਪੂਰ ਜਾਣਕਾਰੀ ਦੇ ਕੇ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ।
ਜ਼ਿਲ੍ਹਾ ਬਰਨਾਲਾ ਦੇ ਕਸਾਨਾਂ ਦੇ ਖੇਤੀਬਾੜੀ ਮਹਿਕਮੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਿਕਮੇ ਦੇ ਉਪਰਾਲੇ ਕਾਰਨ ਉਹਨਾਂ ਨੂੰ ਕਿਸਾਨ ਮੇਲੇ ਵਿੱਚ ਜਾ ਕੇ ਖੇਤੀਬਾੜੀ ਨਾਲ ਸਬੰਧਤ ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲ ਸਕੀ ਹੈ ਅਤੇ ਉਹ ਮਾਹਿਰਾਂ ਦੀਆਂ ਸ਼ਿਫਾਰਸ਼ਾਂ ਨੂੰ ਅਮਲ ਵਿੱਚ ਲਿਆ ਕੇ ਨਵੀਆਂ ਤਕਨੀਕਾਂ ਅਨੁਸਾਰ ਖੇਤੀਬਾੜੀ ਕਰਨਗੇ।
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ| ਬਿੱਕਰ ਸਿੰਘ ਸਿੱਧੂ ਨੇ ਇਸ ਮੌਕੇ ਕਿਸਾਨਾਂ ਨੂੰ ਕਿਹਾ ਕਿ ਉਹ ਖੇਤੀਬਾੜੀ ਮਹਿਕਮੇ ਵੱਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਅਤੇ ਕਿਸਾਨ ਮੇਲਿਆਂ ਵਿੱਚ ਵੱਧ ਤੋਂ ਵੱਧ ਭਾਗ ਲਿਆ ਕਰਨ ਅਤੇ ਉਥੇ ਖੇਤੀ ਮਾਹਿਰਾਂ ਵੱਲੋਂ ਦੱਸੀਆਂ ਜਾਂਦੀਆਂ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਆਪਣੀਆਂ ਫਸਲਾਂ ਤੋਂ ਵੱਧ ਝਾੜ ਪ੍ਰਾਪਤ ਕਰਿਆ ਕਰਨ।
ਉਹਨਾਂ ਕਿਹਾ ਕਿ ਅਜੋਕਾ ਸਮਾਂ ਵਿਗਿਆਨ ਦਾ ਸਮਾਂ ਹੈ ਅਤੇ ਕਿਸਾਨਾਂ ਨੂੰ ਖੇਤੀਬਾੜੀ ਦੇ ਧੰਦੇ ਨੂੰ ਸਮੇਂ ਦੇ ਹਾਣ ਦਾ ਕਰਨ ਲਈ ਨਵੀਆਂ ਤਕਨੀਕਾਂ ਨੂੰ ਜਰੂਰ ਅਪਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਲਈ ਜਿਥੇ ਜ਼ਿਲ੍ਹਾ ਅਤੇ ਬਲਾਕ ਪੱਧਰ `ਤੇ ਕਿਸਾਨ ਮੇਲੇ ਲਗਾਏ ਜਾਂਦੇ ਰਹਿਣਗੇ ਉਥੇ ਨਾਲ ਹੀ ਕਿਸਾਨਾਂ ਨੂੰ ਖੇਤੀ ਖੋਜ ਕੇਂਦਰਾਂ ਦੇ ਦੌਰੇ ਕਰਾ ਕੇ ਉਹਨਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਰਹੇਗਾ

Translate »