October 4, 2011 admin

ਚੋਣ ਕਮਿਸ਼ਨ ਨੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਲਈ ਪ੍ਰੋਗਰਾਮ ਜਾਰੀ

ਅੰਮ੍ਰਿਤਸਰ – ਚੋਣ ਕਮਿਸ਼ਨ ਨੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ –ਕਮ- ਜਿਲ੍ਹਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 4 ਅਕਤੂਬਰ ਨੂੰ ਹੋਵੇਗੀ ਤੇ ਦਾਅਵੇ ਇਤਰਾਜ 4 ਅਕਤੂਬਰ ਤੋਂ 20 ਅਕਤੂਬਰ ਤੱਕ ਪੇਸ਼ ਕੀਤੇ ਜਾ ਸਕਣਗੇ। ਫੋਟੋ ਵੋਟਰ ਸੂਚੀਆਂ ਦੇ ਸਬੰਧਤ ਹਿੱਸਿਆਂ ਦੀ ਗ੍ਰਾਮ ਸਭਾਵਾਂ/ਸਥਾਨਕ ਸੰਸਥਾਵਾਂ ਆਦਿ ਵਿੱਚ 7 ਅਕਤੂਬਰ ਤੇ 10 ਅਕਤੂਬਰ ਦੌਰਾਨ ਨਾਵਾਂ ਦੀ ਤਸਦੀਕ ਕਰਵਾਈ ਜਾਵੇਗੀ।
        ਸ੍ਰੀ ਅਗਰਵਾਲ ਅਨੁਸਾਰ ਦਾਅਵੇ ਤੇ ਇਤਰਾਜ ਪ੍ਰਾਪਤ ਕਰਨ ਲਈ ਸਿਆਸੀ ਪਾਰਟੀਆਂ ਦੇ ਬੂਥ ਪੱਧਰੀ ਏਜੰਟਾਂ ਨਾਲ ਵਿਸ਼ੇਸ਼ ਮੁਹਿੰਮ 9 ਤੇ 16 ਅਕਤੂਬਰ ਨੂੰ ਚਲਾਈ ਜਾਵੇਗੀ। ਦਾਅਵਿਆਂ ਤੇ ਇਤਰਾਜਾਂ ਦਾ ਨਿਪਟਾਰਾ 19 ਨਵੰਬਰ ਤੱਕ ਕੀਤਾ ਜਾਵੇਗਾ। ਡਾਟਾਬੇਸ ਅੱਪਡੇਸ਼ਨ, ਫੋਟੋਆਂ ਦੀ ਮਰਜਿੰਗ, ਕੰਟਰੋਲ ਟੇਬਲ ਦੀ ਅੱਪਡੇਸ਼ਨ ਤੇ ਸਪਲੀਮੈਂਟਰੀ ਲਿਸਟ ਦੀ ਛਪਾਈ 19 ਨਵੰਬਰ ਤੋਂ 26 ਦਸੰਬਰ, 2011 ਤੱਕ ਹੋਵੇਗੀ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 2 ਜਨਵਰੀ 2012 ਨੂੰ ਕੀਤੀ ਜਾਵੇਗੀ।
        ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ 1.1.2012 ਨੂੰ 18 ਸਾਲ ਦੀ ਉਮਰ ਦੇ ਸਾਰੇ ਨਾਗਰਿਕ ਜੋ ਵੋਟਰ ਬਣਨ ਵਜੋਂ ਆਪਣੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਵੋਟਰ ਵਜੋਂ ਰਜਿਸਟਰ ਹੋਣ ਲਈ 6 ਨੰਬਰ ਫਾਰਮ ਦਾਖਲ ਕਰ ਸਕਦੇ ਹਨ। ਇਤਰਾਜਾਂ ਲਈ 7 ਨੰਬਰ ਫਾਰਮ ਤੇ ਜੇ ਕਿਸੇ ਵੋਟਰ ਵੱਲੋਂ ਵੋਟਰ ਸੂਚੀ ਵਿੱਚ ਆਪਣਾ ਨਾਂ ਠੀਕ ਕਰਵਾਉਣਾ ਹੋਵੇ ਤਾਂ ਉਹ ਫਾਰਮ ਨੰਬਰ 8 ਤੇ ਜੇ ਸ਼ਨਾਖਤੀ ਕਾਰਡ ਦਰੁਸਤ ਕਰਵਾਉਣਾ ਹੋਵੇ ਤਾਂ ਫਾਰਮ ਨੰ: 001-ਬੀ ਤੇ ਦੋ ਪਾਸਪੋਰਟ ਸਾਈਜ ਦੀਆਂ ਫੋਟੋਆਂ ਦੇ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਵੋਟਰ ਆਪਣਾ ਪਤਾ ਬਦਲਕੇ ਉਸ ਵਿਧਾਨ ਸਭਾ ਹਲਕੇ ਵਿੱਚ ਨਵੇਂ ਪਤੇ ਤੇ ਰਹਿੰਦਾ ਹੈ ਤਾਂ ਉਹ ਫਾਰਮ ਨੰ: 8 ਓ ਭਰਕੇ ਸਬੰਧਤ ਇਲਾਕੇ ਦੇ ਬੀ:ਐਲ:ਓਜ਼ ਜਾਂ ਚੋਣ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਨੂੰ 20  ਨਵੰਬਰ, 2011 ਤੱਕ ਦੇ ਸਕਦਾ ਹੈ।
        ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਗਲਤ ਸੂਚਨਾ ਦੇਣ ਤੇ ਜਾਂ ਕੋਈ ਗਲਤ ਵੋਟ ਬਣਾਉਣ ਤੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਹੀ ਨਾਮ ਹੀ ਵੋਟਰ ਸੂਚੀ ਵਿੱਚ ਦਰਜ ਕਰਵਾਉਣ।

Translate »