ਬਰਨਾਲਾ – ਡੇਂਗੂ ਦੀ ਰੋਕਥਾਮ ਸਬੰਧੀ ਸਿਵਲ ਸਰਜਨ ਬਰਨਾਲਾ ਵੱਲੋਂ ਅੱਜ ਆਪਣੇ ਦਫਤਰ ਵਿਖੇ ਬਰਨਾਲਾ ਸ਼ਹਿਰ ਦੇ ਸਾਰੇ ਨਿੱਜੀ ਡਾਕਟਰਾਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟੰਗ ਦੀ ਪ੍ਰਧਾਨਗੀ ਕਰਦਿਆਂ ਸਿਵਲ ਸਰਜਨ ਡਾ| ਬਲਬੀਰ ਸਿੰਘ ਨੇ ਨਿੱਜੀ ਡਾਕਟਰਾਂ ਨੂੰ ਕਿਹਾ ਕਿ ਜਦੋਂ ਵੀ ਕੋਈ ਬੁਖਾਰ ਦੇ ਮਰੀਜ ਦਾ ਕੇਸ ਉਹਨਾਂ ਦੇ ਹਸਪਤਾਲ ਵਿਚ ਆਉਂਦਾ ਹੈ ਤਾਂ ਉਸਦੇ ਡੇਂਗੂ ਬੁਖਾਰ ਨਾਲ ਸਬੰਧਿਤ ਸਾਰੇ ਟੈਸਟ ਕਰਵਾਏ ਜਾਣ ਅਤੇ ਜੇਕਰ ਕੋਈ ਡੇਂਗੂ ਦਾ ਕੇਸ ਸਾਹਮਣੇ ਆਂਉਦਾ ਹੈ ਉਸ ਦੀ ਰਿਪੋਰਟ ਤੁਰੰਤ ਸਿਹਤ ਵਿਭਾਗ ਨੂੰ ਕੀਤੀ ਜਾਵੇ। ਮੀਟਿੰਗ ਦੌਰਾਨ ਹਾਜ਼ਰ ਨਿੱਜੀ ਡਾਕਟਰਾਂ ਵੱਲੋਂ ਸਿਵਲ ਸਰਜਨ ਨੂੰ ਭਰੋਸਾ ਦਿਵਾਇਆ ਗਿਆ ਕਿ ਜੇਕਰ ਕੋਈ ਡੇਂਗੂ ਦਾ ਕੇਸ ਉਹਨਾਂ ਦੇ ਧਿਆਨ ਵਿੱਚ ਅਇਆ ਤਾਂ ਉਹ ਇਸਦੀ ਇਤਲਾਹ ਸਿਹਤ ਵਿਭਾਗ ਨੂੰ ਕਰ ਦੇਣਗੇ।
ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸਾਵਧਾਨ ਹੋਣ ਲਈ ਆਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਜੇਕਰ ਪਾਣੀ ਖੜ੍ਹਾ ਹੈ ਤਾਂ ਉਸ ਉਪਰ ਮਿੱਟੀ ਦਾ ਤੇਲ ਛਿੜਕਿਆ ਜਾਵੇ। ਉਹਨਾਂ ਕਿਹਾ ਕਿ ਘਰਾਂ ਵਿੱਚ ਪਏ ਟੁੱਟੇ ਘੜੇ, ਟਾਇਰਾਂ, ਬਰਤਨਾਂ ਆਦਿ ਵਿੱਚ ਪਾਣੀ ਨਾ ਖੜ੍ਹਾ ਹੋਣ ਦਿਓ, ਕੂਲਰਾਂ ਵਿਚ ਪਾਣੀ ਨਾ ਰੱਖਿਆ ਜਾਵੇ ਅਤੇ ਪਾਣੀ ਦੀਆਂ ਟੈਂਕੀਆ ਨੂੰ ਢੱਕ ਕੇ ਰੱਖਿਆ ਜਾਵੇੇ, ਮੱਛਰ ਦੇ ਕੱਟਣ ਤੋਂ ਬੱਚਣ ਲਈ ਮੱਛਰ ਭਜਾਓ ਕਰੀਮ ਜਾਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੱਛਰ ਪੈਦਾ ਹੋਣ ਦੇ ਸਧਾਨਾਂ ਦਾ ਖਾਤਮਾ ਕਰਕੇ ਡੇਂਗੂ ਨੂੰ ਰੋਕਿਆ ਜਾ ਸਕਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕਿਸੇ ਵਿਆਕਤੀ ਨੂੰ ਬੁਖਾਰ ਹੋਵੇ ਤਾਂ ਉਸਨੂੰ ਤਰੁੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚੋਂ ਇਲਾਜ ਕਰਵਾਉਣਾ ਚਾਹੀਦਾ ਹੈ।