ਇੰਗਲੈਡ ਟੀਮ 4 ਅਕਤੂਬਰ ਨੂੰ ਭਾਰਤ ਆ ਚੁੱਕੀ ਹੈ 8 ਅਕਤੂਬਰ ਨੂੰ ਪਹਿਲਾ ਅਭਿਆਸੀ ਮੈਚ ਖੇਡਣਾ ਹੈ,ਜਦੋਂ ਕਿ ਟੂਰ ਦਾ ਇੱਕ ਰੋਜ਼ਾ ਪਹਿਲਾ ਮੈਚ 14 ਅਕਤੂਬਰ ਨੂੰ ਹੋਣਾ ਹੈ
ਬਹੁਤ ਪੁਰਾਣੀ ਹੈ ਭਾਰਤ-ਇੰਗਲੈਂਡ ਕ੍ਰਿਕਟ ਸਾਂਝ
ਰਣਜੀਤ ਸਿੰਘ ਪ੍ਰੀਤ
ਇੰਗਲੈਂਡ ਕ੍ਰਿਕਟ ਟੀਮ ਏਲਿਸਟਰ ਕੁੱਕ ਦੀ ਕਪਤਾਨੀ ਅਧੀਨ ਅਤੇ ਕੋਚ ਰਿਚਰਡ ਹਾਲਚਾਲ ਦੀ ਅਗਵਾਈ ਹੇਠ ਭਾਰਤ ਆ ਚੁੱਕੀ ਹੈ।ਇਸ ਨੇ ਆਪਣੇ ਟੂਰ ਦੀ ਸ਼ੁਰੂਆਤ 8 ਅਕਤੂਬਰ ਤੋਂ ਹੈਦਰਾਬਾਦ ਵਿੱਚ ਟੀ ਬੀ ਏ ਟੀਮ ਵਿਰੁੱਧ ਹੀ ਅਭਿਆਸੀ ਮੈਚ ਨਾਲ ਕਰਨੀ ਹੈ,ਇਵੇ ਹੀ ਇਥੇ ਹੀ ਇਸੇ ਹੀ ਟੀਮ ਨਾਲ 11 ਅਕਤੂਬਰ ਨੂੰ ਦੂਜਾ ਅਭਿਆਸੀ ਮੈਚ ਖੇਡਣਾਂ ਹੈ ।ਪਰ ਇਹ ਲਿਖੇ ਜਾਣ ਤੱਕ ਇੰਗਲੈਂਡ ਕੋਚ ਦੇ ਬਿਆਨ ਅਨੁਸਾਰ ਅਭਿਆਸੀ ਮੈਚਾਂ ਲਈ ਸਾਡੀ ਟੀਮ ਨਾਲ ਕਿਸ ਟੀਮ ਨੇ ਖੇਡਣਾ ਹੈ,ਬਾਰੇ ਸਥਿੱਤੀ ਸਪੱਸ਼ਟ ਨਹੀ ਕੀਤੀ ਗਈ ਹੈ।
ਦੋਹਾਂ ਮੁਲਕਾਂ ਦੇ ਕ੍ਰਿਕਟ ਸਬੰਧ ਬਹੁਤ ਪੁਰਾਣੇ ਹਨ,1932 ਵਿੱਚ ਲਾਰਡਜ਼ ਵਿਖੇ ਪਹਿਲਾ ਟੈਸਟ ਮੈਚ ਖੇਡਿਆ ਗਿਆ,ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ,ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ; ਇਸ ਤਰ੍ਹਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਜੇਤੂ ਬਣੀ।ਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾ।ਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ,ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀ।ਈਡਨ ਗਾਰਡਨ ਕੋਲਕਾਤਾ ਵਿਚਲਾ ਦੂਜਾ ਮੈਚ ਡਰਾਅ ਹੋ ਗਿਆ, ਜਦੋਂ ਕਿ ਤੀਜੇ ਮਦਰਾਸ ਟੈਸਟ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 202 ਰਨਜ਼ ਨਾਲ ਹਰਾਇਆ।
ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 103 ਟੈਸਟ ਮੈਚ ਹੋਏ ਹਨ,ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 38 ਮੈਚ ਜਿੱਤੇ ਹਨ।ਜਦੋਂ ਕਿ 46 ਮੈਚ ਬਰਾਬਰ ਰਹੇ ਹਨ।ਦੋਹਾਂ ਮੁਲਕਾਂ ਨੇ ਆਪਣੇ ਕ੍ਰਿਕਟ ਇਤਿਹਾਸ ਦਾ 100 ਟੈਸਟ ਮੈਚ 21 ਤੋਂ 25 ਜੁਲਾਈ 2011 ਤੱਕ ਲਾਰਡਜ਼ ਵਿੱਚ ਖੇਡਿਆ,ਜੋ ਇੰਗਲੈਂਡ ਨੇ ਜਿੱਤਿਆ, 103 ਵਾਂ ਟੈਸਟ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਇਆ।
ਇੰਗਲੈਂਡ ਅਤੇ ਭਾਰਤ ਦਰਮਿਆਨ ਇੱਕ ਰੋਜ਼ਾ ਮੈਚਾਂ ਦੀ ਸ਼ੁਰੂਆਤ 13 ਜੁਲਾਈ 1974 ਨੂੰ ਹੈਡਿੰਗਲੇ ਲੀਡਜ਼ ਵਿੱਚ ਹੋਏ ਮੈਚ ਤੋਂ ਹੋਈ ਹੈ। ਜੋ ਕਿ 4 ਵਿਕਟਾਂ ਨਾਲ ਇੰਗਲੈਂਡ ਦੇ ਹਿੱਸੇ ਰਿਹਾ ਸੀ । ਹੁਣ ਤੱਕ ਦੋਹਾਂ ਮੁਲਕਾਂ ਨੇ ਅਜਿਹੇ 76 ਮੈਚ ਖੇਡੇ ਹਨ,ਜਿਹਨਾਂ ਵਿੱਚੋਂ ਭਾਰਤ ਨੇ 38, ਇੰਗਲੈਂਡ ਨੇ 33 ਜਿੱਤੇ ਹਨ,ਜਦੋਂ ਕਿ ਦੋ ਮੈਚ ਟਾਈਡ ਹੋਏ ਹਨ, 3 ਮੈਚ ਬੇ-ਸਿੱਟਾ ਰਹੇ ਹਨ । ਮੌਜੂਦਾ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੋਹਾਂ ਮੁਲਕਾਂ ਦਾ ਆਖ਼ਰੀ ਇੱਕ ਰੋਜ਼ਾ ਮੈਚ 16 ਸਤੰਬਰ ਨੂੰ ਸੋਫਿਆ ਗਾਰਡਨ (ਕਾਰਡਿਫ਼) ਵਿਖੇ ਖੇਡਿਆ ਗਿਆ ਸੀ,ਹੁਣ 77 ਵਾਂ ਮੈਚ 14 ਅਕਤੂਬਰ 2011 ਨੂੰ ਹੈਦਰਾਬਾਦ ਵਿੱਚ ਖੇਡਿਆ ਜਾਣਾ ਹੈ। ਦੋਹਾਂ ਦੇਸ਼ਾਂ ਦਰਮਿਆਨ ਟਵੰਟੀ-20 ਸੀਰੀਜ਼ ਦੇ ਦੋ ਹੀ ਮੈਚ 19 ਸਤੰਬਰ 2007ਨੂੰ ਡਰਬਨ ਵਿੱਚ ,ਅਤੇ 31 ਅਗਸਤ 2011 ਨੂੰ ਓਲਡ ਟ੍ਰੈਫਲਡ (ਮਨਚੈਸਟਰ ) ਵਿੱਚ ਹੋਏ ਹਨ । ਕ੍ਰਮਵਾਰ ਪਹਿਲਾ ਮੈਚ 18 ਰਨਜ਼ ਨਾਲ ਭਾਰਤ ਦੇ ਹਿੱਸੇ ਰਿਹਾ ਹੈ,ਅਤੇ ਦੂਜਾ ਮੈਚ 6 ਵਿਕਟਾਂ ਨਾਲ ਇੰਗਲੈਂਡ ਨੇ ਜਿੱਤਿਆ ਹੈ।
ਭਾਰਤ ਦੀ ਧਰਤੀ ‘ਤੇ 51 ਟੈਸਟ ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ 14 ਭਾਰਤ ਨੇ ,11 ਇੰਗਲੈਂਡ ਨੇ ਜਿੱਤੇ ਹਨ,ਜਦੋਂ ਕਿ 26 ਮੈਚਾਂ ਦਾ ਫ਼ੈਸਲਾ ਨਹੀਂ ਹੋਇਆ ਹੈ। ਭਾਰਤ ਦੇ ਸੁਨੀਲ ਗਾਵਸਕਰ ਨੇ ਸੱਭ ਤੋਂ ਵੱਧ 2483 ਦੌੜਾਂ ( 38 ਮੈਚ,67 ਪਾਰੀਆਂ) ,ਸੱਭ ਤੋਂ ਵੱਧ 95 ਵਿਕਟਾਂ ਬੀ ਚੰਦਰਸ਼ੇਖ਼ਰ ਨੇ (23 ਮੈਚਾਂ’ਚ), ਵਧੀਆ ਬੱਲੇਬਾਜ਼ੀ ਵਿਨੋਦ ਕਾਬਲੀ 224 ਦੌੜਾਂ,ਸਰਵੋਤਮ ਗੇਂਦਬਾਜ਼ੀ ਵਿਨੋਦ 12 ਵਿਕਟਾਂ (108 ਰਨਜ਼) ਦੇ ਕੇ ਲਈਆਂ ਹਨ। ਇੰਗਲੈਂਡ ਦੀ ਧਰਤੀ ‘ਤੇ ਖੇਡੇ 52 ਮੈਚਾਂ ਵਿੱਚੋਂ 5 ਭਾਰਤ ਨੇ,27 ਇੰਗਲੈਂਡ ਨੇ ਜਿੱਤੇ ਹਨ। ਕੁੱਲ 20 ਮੈਚਾਂ ਦਾ ਫ਼ੈਸਲਾ ਨਹੀਂ ਹੋ ਸਕਿਆ। ਗ੍ਰਾਹਮ ਗੂਚ ਨੇ 1725 ਰਨ (19 ਮੈਚ,33 ਪਾਰੀਆਂ),ਵੱਧ ਵਿਕਟਾਂ 62 ਬਾਬ ਵਿਲਸ ਨੇ (17 ਮੈਚ),ਵਧੀਆ ਬੱਲੇਬਾਜ਼ੀ ਗ੍ਰਾਹਮ ਗੂਚ 333 ਰਨਜ਼ (485 ਗੇਂਦਾਂ) ਵਧੀਆ ਗੇਂਦਬਾਜ਼ੀ ਇਆਨ ਬਾਥਮ 13 ਵਿਕਟਾਂ (106 ਰਨਜ਼) ਰਹੀ ਹੈ।
ਭਾਰਤ ਵਿੱਚ ਦੋਹਾਂ ਮੁਲਕਾਂ ਨੇ 35 ਇੱਕ ਰੋਜ਼ਾ ਮੈਚ ਖੇਡੇ ਹਨ,ਜਿਨ੍ਹਾਂ ਵਿੱਚੋ ਭਾਰਤ ਨੇ 21,ਇੰਗਲੈਂਡ ਨੇ 13 ਜਿੱਤੇ ਹਨ। ਜਦੋਂ ਕਿ ਇੱਕ ਮੈਚ ਟਾਈ ਰਿਹਾ ਹੈ।ਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ),ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨ।ਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ ਤੇ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਿਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈ।ਇੰਗਲੈਂਡ ਵਿੱਚ 33 ਮੈਚ ਹੋਏ ਹਨ,ਭਾਰਤ ਨੇ 11 ਅਤੇ ਇੰਗਲੈਂਡ ਨੇ 18 ਮੈਚ ਜਿੱਤੇ ਹਨ। ਤਿੰਨ ਮੈਚਾਂ ਦਾ ਫ਼ੈਸਲਾ ਨਹੀ ਹੋਇਆ ਹੈ। ਇੱਕ ਮੈਚ ਟਾਈ ਰਿਹਾ ਹੈ। ਹੋਰਨਾਂ ਥਾਵਾਂ ‘ਤੇ ਦੋਹਾਂ ਦੇਸ਼ਾਂ ਨੇ 8 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 6 ਭਾਰਤ ਨੇ,2 ਇੰਗਲੈਂਡ ਨੇ,ਜਿੱਤੇ ਹਨ। ਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ),ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ),ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ),ਨਾਲ ਰਹੀ ਹੈ। ਇੰਗਲੈਂਡ ਪਿਛਲੇ ਦੋ ਦੌਰਿਆਂ ਦੌਰਾਨ ਭਾਰਤੀ ਟੀਮ ਤੋਂ ਇੱਕ ਰੋਜ਼ਾ ਮੈਚਾਂ ਵਿੱਚ 5-1 ਅਤੇ 5-0 ਨਾਲ ਮਾਤ ਖਾ ਚੁੱਕਿਆ ਹੈ।
ਹੁਣ ਇੰਗਲੈਂਡ ਟੀਮ 4 ਅਕਤੂਬਰ ਨੂੰ 5 ਇੱਕ ਰੋਜ਼ਾ ਮੈਚ ਅਤੇ ਇੱਕ ਟੀ-20 ਮੈਚ ਖੇਡਣ ਲਈ ਭਾਰਤ ਆ ਚੁੱਕੀ ਹੈ। ਪਹਿਲਾ ਇੱਕ ਰੋਜ਼ਾ ਮੈਚ 14 ਅਕਤੂਬਰ ਨੂੰ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਹੈਦਰਾਬਾਦ ਵਿੱਚ ਹੋਣਾ ਹੈ ,ਜਦੋਂ ਕਿ ਟੂਰ ਦਾ ਆਖ਼ਰੀ ਮੈਚ 29 ਅਕਤੂਬਰ ਨੂੰ ਈਡਨ ਗਾਰਡਨ ਕੋਲਕਾਤਾ ਵਿੱਚ ਹੋਣਾ ਹੈ। ਸਾਰੇ ਮੈਚਾਂ ਦਾ ਸਮਾਂ ਡੇਅ/ਨਾਈਟ ਮਿਥਿਆ ਗਿਆ ਹੈ ,ਪਹਿਲੇ 5 ਮੈਚ ਰੋਜ਼ਾਨਾ 2-30 ਵਜੇ ਸ਼ੁਰੂ ਹੋਣਗੇ,ਜਦੋਂ ਕਿ ਆਖ਼ਰੀ ਟੀ-20 ਮੈਚ ਦੇਰ ਸ਼ਾਮ 8-00 ਵਜੇ ਸ਼ੁਰੂ ਹੋਵੇਗਾ । ਇੰਗਲੈਂਡ ਦਾ ਪਲੜਾ ਆਪਣੇ ਮੁਲਕ ਵਿੱਚ ਭਾਰੀ ਰਹਿੰਦਾ ਆ ਰਿਹਾ ਹੈ,ਪਰ ਭਾਰਤੀ ਟੀਮ ਨੇ ਆਪਣੀ ਸਰ ਜ਼ਮੀ ‘ਤੇ ਕਈ ਕੌਤਿਕ ਕਰ ਵਿਖਾਏ ਹਨ,ਹੁਣ ਵੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਅਧੀਨ ਭਾਰਤੀ ਟੀਮ ਕੋਈ ਵੀ ਕਰਿਸ਼ਮਾਂ ਕਰਨ ਦੇ ਸਮਰੱਥ ਹੈ। ਪਰ ਤਿਲਕਣਬਾਜ਼ੀ ਦੀ ਇਸ ਖੇਡ ਵਿੱਚ ਭਵਿੱਖਬਾਣੀ ਕਰਨਾਂ ਜੇ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਲ ਜ਼ਰੂਰ ਹੈ । ਭਾਰਤ ਨੂੰ ਮੇਜ਼ਬਾਨੀ ਦਾ ਵੀ ਲਾਹਾ ਮਿਲ ਸਕਦਾ ਹੈ। ਤਾਂ ਆਓ ਵੇਖੀਏ ਊਠ ਕਿਸ ਕਰਵਟ ਬਹਿੰਦਾ ਹੈ।
ਪੁਰੇ ਟੂਰ ਦਾ ਵੇਰਵਾ ਇਸ ਤਰ੍ਹਾਂ ਹੈ;—
14 ਅਕਤੂਬਰ ਸ਼ੁਕਰਵਾਰ ਪਹਿਲਾ ਵੰਨ ਡੇਅ;ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਹੈਦਰਾਬਾਦ।
17 ਅਕਤੂਬਰ ਸੋਮਵਾਰ ਦੂਜਾ ਵੰਨ ਡੇਅ;ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਨਵੀਂ ਦਿੱਲੀ।
20 ਅਕਤੂਬਰ ਵੀਰਵਾਰ ਤੂਜਾ ਵੰਨ ਡੇਅ;ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੁਹਾਲੀ।
23 ਅਕਤੂਬਰ ਐਤਵਾਰ ਚੌਥਾ ਵੰਨ ਡੇਅ;ਵਾਨਖੇੜੇ ਸਟੇਡੀਅਮ ਮੁੰਬਈ।
25 ਅਕਤੂਬਰ ਮੰਗਲਵਾਰ ਪੰਜਵਾਂ ਵੰਨ ਡੇਅ;ਈਡਨ ਗਾਰਡਨ, ਕੋਲਕਾਤਾ।
29 ਅਕਤੂਬਰ ਸ਼ਨਿਚਰਵਾਰ ਟੀ-20 ,ਈਡਨ ਗਾਰਡਨ ਕੋਲਕਾਤਾ
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)