October 6, 2011 admin

ਜਥੇ. ਅਵਤਾਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਮੈਂਬਰ ਸਾਹਿਬਾਨ ਨੂੰ ਸਨਮਾਨਿਤ ਕੀਤਾ

ਅੰਮ੍ਰਿਤਸਰ – ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਜਿੱਤਣ ਉਪਰੰਤ ਹਲਕਾ ਅੰਬਾਲਾ (ਹਰਿਆਣਾ) ਜਨਰਲ ਤੋਂ ਜਥੇ. ਹਰਪਾਲ ਸਿੰਘ (ਪਾਲੀ) ਤੇ ਰੀਜ਼ਰਵ ਤੋਂ ਜਥੇ. ਅਮਰੀਕ ਸਿੰਘ (ਜਨੇਤਪੁਰ), ਕਪੂਰਥਲਾ ਤੋਂ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਅਤੇ ਚੋਗਾਵਾਂ (ਅੰਮ੍ਰਿਤਸਰ) ਤੋਂ ਜਥੇ. ਸੁਰਜੀਤ ਸਿੰਘ ਭਿੱਟੇਵੱਢ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਗੁਰੂ-ਘਰ ‘ਚੋਂ ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਬੰਧਕੀ ਬਲਾਕ ‘ਚ ਮਾਨਯੋਗ ਪ੍ਰਧਾਨ ਸਾਹਿਬ ਜਥੇ. ਅਵਤਾਰ ਸਿੰਘ ਜੀ ਨੂੰ ਉਹਨਾਂ ਦੇ ਦਫ਼ਤਰ ‘ਚ ਉਚੇਚੇ ਤੌਰ ‘ਤੇ ਮਿਲੇ। ਪ੍ਰਧਾਨ ਸਾਹਿਬ ਵੱਲੋਂ ਇਹਨਾਂ ਨਵੇਂ ਚੁਣੇ ਮੈਂਬਰ ਸਾਹਿਬਾਨ ਨੂੰ ਵਧਾਈ ਦਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਦੱਸਿਆ ਕਿ ਨਵੇਂ ਚੁਣੇ ਮੈਂਬਰ ਸਾਹਿਬਾਨ ਨੂੰ ਕਿਹਾ ਹੈ ਕਿ ਸਿੱਖੀ ਤੋਂ ਦੂਰ ਜਾ ਕੇ ਨਸ਼ਿਆਂ ਦੀ ਦਲਦਲ ਵਿੱਚ ਫ਼ਸਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਗੁਰਸਿੱਖੀ ਨਾਲ ਜੋੜਨ ਦੇ ਵੱਧ ਤੋਂ ਵੱਧ ਉੱਪਰਾਲੇ ਕੀਤੇ ਜਾਣ ਤੇ ਆਪਣੇ-ਆਪਣੇ ਹਲਕਿਆਂ ‘ਚ ਵੱਧ ਤੋਂ ਵੱਧ ਧਾਰਮਿਕ ਸਮਾਗਮ ਕਰਵਾਏ ਜਾਣ। ਇਸ ‘ਤੇ ਇਹਨਾਂ ਸਮੂੰਹ ਮੈਂਬਰ ਸਾਹਿਬਾਨ ਨੇ ਕਿਹਾ ਕਿ ਉਹ ਆਪਣੇ ਹਲਕੇ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਹੋਏ ਹੁਕਮ ਅਨੁਸਾਰ ਨਸ਼ਿਆਂ ਨੂੰ ਰੋਕਣ, ਭਰੂਣ-ਹੱਤਿਆ ਖਿਲਾਫ਼ ਤੇ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਸੰਗਤਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਉੱਪਰਾਲਾ ਕਰਨਗੇ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਡਾਇਰੈਕਟਰ ਸ. ਰੂਪ ਸਿੰਘ, ਐਡੀਸ਼ਨਲ ਸਕੱਤਰ ਸ. ਤਰਲੋਚਨ ਸਿੰਘ, ਸ. ਮਨਜੀਤ ਸਿੰਘ ਤੇ ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਬਲਵਿੰਦਰ ਸਿੰਘ ਜੌੜਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਡਾ. ਬਲਜੀਤ ਸਿੰਘ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਟ੍ਰਸਟ ਦੇ ਐਡੀਸ਼ਨਲ ਸਕੱਤਰ ਡਾ. ਏ.ਪੀ.ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲ੍ਹੀ) ਤੇ ਸ. ਪ੍ਰਤਾਪ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸ/ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ, ਅੰਬਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਰਣਬੀਰ ਸਿੰਘ ਫ਼ੌਜੀ ਤੇ ਸ. ਸਤਵੰਤ ਸਿੰਘ ਢੀਂਡਸਾ, ਮੁੱਖ ਸਲਾਹਕਾਰ ਸ. ਜੁਝਾਰ ਸਿੰਘ, ਅੰਬਾਲਾ ਤੋਂ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸ. ਹਰਵਿੰਦਰ ਸਿੰਘ ਰੋਖੀ ਤੇ ਮਾਸਟਰ ਖੇਮ ਸਿੰਘ ਵੀ ਹਾਜ਼ਰ ਸਨ।

Translate »