October 6, 2011 admin

ਕਾਂਗਰਸ ਅਤੇ ਭ੍ਰਿਸ਼ਟਾਚਾਰ ਇਕੋ ਸਿੱਕੇ ਦੇ ਦੋ ਪਹਿਲੂ- ਬਾਦਲ

– ਅਨਾਜ ਦੀ ਲਿਫਟਿੰਗ ‘ਚ ਦੇਰੀ ਲਈ ਕੇਂਦਰ ਸਰਕਾਰ ਦੀ ਆਲੋਚਨਾ
– ਜਨ ਲੋਕਪਾਲ ਦੇ ਮੁੱਦੇ ‘ਤੇ ਅੰਨਾ ਹਜ਼ਾਰੇ ਦੀ ਹਮਾਇਤ

ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਅਤੇ ਭ੍ਰਿਸ਼ਟਾਚਾਰ ਨੂੰ ਇਕੋ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੀ ਜਣਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸੱਤਾਕਾਲ ਦੌਰਾਨ ਹੋਏ ਵੱਡੇ ਘੁਟਾਲਿਆਂ ਕਾਰਣ  ਦੇਸ਼ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਕਾਂਗਰਸੀ ਆਗੂ ਅੱਜ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿਚ ਲਿਪਤ ਹਨ ਅਤੇ ਇਨ੍ਹਾਂ ਆਗੂਆਂ ਦਾ ਵਿਦੇਸ਼ੀ ਬੈਂਕਾਂ ‘ਚ ਕਰੋੜਾਂ ਰੁਪਿਆ ਪਿਆ ਹੈ। ਸ. ਬਾਦਲ ਨੇ ਕਿਹਾ ਕਿ ਇਹ ਪੈਸਾ ਤੁਰੰਤ ਆਪਣੇ ਦੇਸ਼ ਵਿਚ ਲਿਆਉਣ ਦੀ ਲੋੜ ਹੈ ਤਾਂ ਜੋ ਸਮਾਜ ਭਲਾਈ ਸਕੀਮਾਂ ‘ਚ ਇਸ ਕਾਲੇ ਧਨ ਦੀ ਵਰਤੋਂ ਕੀਤੀ ਜਾ ਸਕੇ। ਸ. ਬਾਦਲ ਨੇ ਇਹ ਵਿਚਾਰ ਸਥਾਨਕ ਰਿਸ਼ੀ ਨਗਰ ਵਿਖੇ ਸ੍ਰੀ ਰਮਾਇਣ ਗਿਆਨ ਯੱਗ ਦੀ ਸੰਪੂਰਨਤਾ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟਾਏ।
           ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮਾਜ ਸੇਵੀ ਸ੍ਰੀ ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਪਹਿਲੇ ਦਿਨ ਤੋਂ ਹੀ ਸਵਾਗਤ ਕਰਦੀ ਆਈ ਹੈ ਅਤੇ ਜਨ ਲੋਕਪਾਲ ਦੇ ਮੁੱਦੇ ‘ਤੇ ਪਾਰਟੀ ਉਨ੍ਹਾਂ ਦੀ ਹਮਾਇਤ ਕਰਦੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਅੱਜ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਲਾਜ਼ਮੀ ਤੌਰ ‘ਤੇ ਕਾਂਗਰਸ ਦਾ ਖਾਤਮਾ ਕਰਨ ਲਈ ਇਕ-ਜੁਟ ਹੋਣਾ ਸਮੇਂ ਦੀ ਮੁੱਖ ਮੰਗ ਹੈ।  ਉਨ੍ਹਾਂ ਕਿਹਾ ਕਿ ਅੱਜ ਦੇਸ਼ ‘ਚ ਭ੍ਰਿਸ਼ਟਾਚਾਰ ਫੈਲਾਉਣ ਲਈ ਕਾਂਗਰਸ ਨੇ ਸਭ ਰਿਕਾਰਡ ਤੋੜ ਦਿੱਤੇ ਹਨ। ਇੱਥੋਂ ਤੱਕ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਹੋਰ ਕੱਦਾਵਰ ਆਗੂਆਂ ਦੇ ਨਾਂ ਵੱਡੇ-ਵੱਡੇ ਘਪਲਿਆਂ ‘ਚ ਸ਼ੁਮਾਰ ਹੋ ਰਹੇ ਹਨ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ।
           ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਤੰਤਰ ਫੈਲਾਉੇਣ ‘ਚ ਅਤੇ ਇੱਥੋਂ ਤੱਕ ਕਿ ਗਰੀਬਾਂ ਦਾ ਮਜ਼ਾਕ ਉਡਾਉਣ ‘ਚ ਵੀ ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ। ਸ. ਬਾਦਲ ਨੇ ਕਿਹਾ ਕਿ ਪਿੰਡਾਂ ‘ਚ 26 ਰੁਪਏ ਅਤੇ ਸ਼ਹਿਰਾਂ ‘ਚ 32 ਰੁਪਏ ਪ੍ਰਤੀ ਦਿਨ ਕਮਾਉਣ ਵਾਲੇ ਨੂੰ ਆਰਥਿਕ ਪੱਧਰ ‘ਤੇ ਮਜ਼ਬੂਤ ਦੱਸਣ ਵਾਲੀ ਕਾਂਗਰਸ ਦੀ ਕੇਂਦਰ ਸਰਕਾਰ ਦੀ ਜਿੰਨੀ ਨਿੰਦਾ ਕਰ ਲਈ ਜਾਵੇ ਉਨੀ ਘੱਟ ਹੈ।
           ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦੀ 1947 ਵਿਚ ਮਿਲ ਗਈ ਸੀ ਪਰ ਅੱਜ ਦੇਸ਼ ਨੂੰ ਗਰੀਬੀ, ਭ੍ਰਿਸ਼ਟਾਚਾਰੀ ਅਤੇ ਬੇਰੁਜ਼ਗਾਰੀ ਤੋਂ ਅਜ਼ਾਦੀ ਦਿਵਾਉਣ ਲਈ ਦੂਜੀ ਜੰਗ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਕੇਂਦਰ ਦੀ ਕਾਂਗਰਸ ਸਰਕਾਰ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਅਤੇ ਦੇਸ਼ ਦਾ ਢਿੱਡ ਭਰਨ ਵਾਲਾ ਸੂਬਾ ਹਮੇਸ਼ਾ ਹੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਬਣਿਆਂ ਹੈ। ਉਨ੍ਹਾਂ ਕਿਹਾ ਕਿ ਅਨਾਜ ਦੀ ਲਿਫਟਿੰਗ ‘ਚ ਕੇਂਦਰ ਸਰਕਾਰ ਜਾਣਬੁੱਝ ਕੇ ਦੇਰੀ ਅਤੇ ਟਾਲ-ਮਟੋਲ ਵਾਲੀ ਨੀਤੀ ਅਖਤਿਆਰ ਕਰਦੀ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾਵੇ।
          ਉਨ੍ਹਾਂ ਖਦਸ਼ਾ ਪ੍ਰਗਟਾਇਆਂ ਕਿ ਹੁਣ ਵੀ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਫਸਲ ਦੀ ਲਿਫਟਿੰਗ ਸਬੰਧੀ ਕੇਂਦਰ ਨੇ ਸੁਸਤ ਨੀਤੀ ਅਪਣਾ ਲਈ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ‘ਚ ਅਨਾਜ ਦੇ ਭੰਡਾਰ ਲਈ ਨਵੇਂ ਗੋਦਾਮ ਬਣਾਉਣੇ ਅੱਜ ਸਮੇਂ ਦੀ ਜ਼ਰੂਰਤ ਹੈ ਪਰ ਕੇਂਦਰ ਸਰਕਾਰ ਇਸ ਲਈ ਵੀ ਕੋਈ ਪੱਲਾ ਨਹੀਂ ਫੜ੍ਹਾ ਰਹੀ।
          ਇਸ ਤੋਂ ਪਹਿਲਾਂ ਸ. ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਰਾਮ ਸ਼ਰਨਮ ਦੇ ਸਥਾਨਕ ਯੂਨਿਟ ਵੱਲੋਂ ਮਨਾਏ ਸ੍ਰੀ ਰਮਾਇਣ ਗਿਆਨ ਯੱਗ ਦੀ ਸੰਪੂਰਨਤਾ ‘ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ੍ਰੀ ਰਾਮ ਸ਼ਰਨਮ, ਗੋਹਾਣਾ ਦੇ ਭਗਤ ਹੰਸ ਰਾਜ ਜੀ ਵੱਲੋਂ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸੰਦੇਸ਼ ਨੂੰ ਦੁਨੀਆਂ ਭਰ ਵਿਚ ਫੈਲਾਉਣ ਲਈ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਰੇ ਧਰਮਾਂ ਦਾ ਇਕੋ ਮੰਤਵ ਹੈ। ਸਭ ਧਰਮਾਂ ਦਾ ਸੰਦੇਸ਼ ਵੀ ਇਕੋ ਹੈ, ਸਿਰਫ ਰਸਤੇ ਅਲੱਗ-ਅਲੱਗ ਹਨ। ਉਨ੍ਹਾਂ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਕਿ ਨੇਕ ਰਸਤੇ ‘ਤੇ ਚੱਲਦਿਆਂ ਸਭ ਧਰਮਾਂ ਵੱਲੋਂ ਦਿੱਤੀ ਜਾ ਰਹੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਬਦੀ ਤੇ ਬੁਰਾਈ ਨੂੰ ਆਪਣੇ ਜੀਵਨ ‘ਚੋਂ ਮਨਫੀ ਕਰ ਦੇਣਾ ਚਾਹੀਦਾ ਹੈ।
               ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇਲ੍ਹ ਤੇ ਸੈਰ-ਸਪਾਟਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ, ਪੰਜਾਬ ਯੋਜਨਾ ਬੋਰਡ ਦੇ ਉਪ-ਚੇਅਰਮੈਨ ਪ੍ਰੋ. ਰਾਜਿੰਦਰ ਭੰਡਾਰੀ, ਸਾਬਕਾ ਮੰਤਰੀ ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।

Translate »