October 6, 2011 admin

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2010-11 ਲਈ ਅਰਜ਼ੀਆ ਦੀ ਮੰਗ

ਅੰਮ੍ਰਿਤਸਰ – ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ ਦੁਆਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2010-11 ਲਈ ਯੋਗ ਉਮੀਦਵਾਰਾਂ ਤੋਂ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਅਰਜ਼ੀਆ ਦੀ ਮੰਗ ਕੀਤੀ ਗਈ ਹੈ, ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਇੱਕ ਮੈਡਲ, ਇੱਕ ਸਕਰੋਲ, ਇੱਕ ਸਰਟੀਫਿਕੇਟ ਅਤੇ 10,000 ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
       ਉਨ੍ਹਾਂ ਦੱਸਿਆ ਕਿ ਇਸ ਰਾਜ ਯੁਵਾ ਪੁਰਸਕਾਰ ਲਈ ਉਹ ਨੌਜਵਾਨ ਹੀ ਅਰਜ਼ੀ ਦੇ ਸਕਦੇ ਹਨ, ਜਿਨ੍ਹਾਂ ਨੇ ਯੁਵਕ ਭਲਾਈ, ਕੌਮੀ ਸੇਵਾ ਯੋਜਨਾ, ਐੱਨ. ਸੀ. ਸੀ., ਸੱਭਿਆਚਾਰਕ ਗਤੀਵਿਧੀਆ, ਪਰਬਤ-ਰੋਹਣ, ਹਾਈਕਿੰਗ-ਟਰੇਕਿੰਗ,ਸਮਾਜ ਸੇਵਾ, ਰਾਸ਼ਟਰੀ ਏਕਤਾ, ਉੱਚ-ਪੱਧਰੀ ਵਿੱਦਿਅਕ ਯੋਗਤਾ,ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਅਤੇ ਗਾਈਡਿੰਗ, ਸਾਹਸੀ ਕੰਮ ਅਤੇ ਯੁਵਕ ਗਤੀਵਿਧੀਆ ਵਿੱਚ ਉੱਘਾ ਅਤੇ ਸ਼ਲਾਘਾਯੋਗ ਕੰਮ ਕੀਤਾ ਹੋਵੇ।
       ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋੜੀਂਦਾ ਨਿਰਧਾਰਿਤ ਪ੍ਰੋਫਾਰਮਾ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ, ਪੰਜਾਬ ਰਾਜ ਦੇ ਜ਼ਿਲ੍ਹਾ ਪੱਧਰ ‘ਤੇ ਸਥਾਪਿਤ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਦੇ ਦਫ਼ਤਰ ਜਾਂ ਯੂਥ ਕੋਆਰਡੀਨੇਟਰ, ਨਹਿਰੂ ਯੁਵਾ ਕੇਂਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
       ਇਹ ਸਬੰਧੀ ਵਿਸਥਾਰਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਉਮੀਦਵਾਰ ਦੀ ਉਮਰ ਹੱਦ 15-35 ਸਾਲ, ਭਾਵ ਉਮੀਦਵਾਰ ਨੇ 1.04.2010 ਨੂੰ 15 ਸਾਲ ਦੀ ਉਮਰ ਪੂਰੀ ਕੀਤੀ ਹੋਵੇ ਅਤੇ 31.03.2011 ਨੂੰ ਉਸ ਦੀ ਉੱਪਰਲੀ ਉਮਰ ਦੀ ਹੱਦ ਸੀਮਾ 35 ਸਾਲ ਤੋਂ ਵੱਧ ਨਾ ਹੋਵੇ ਅਤੇ ਉਮੀਦਵਾਰ ਨੇ 31 ਮਾਰਚ 2011 ਤੱਕ  ਉਪਰੋਕਤ ਲਿਖਤ ਗਤੀਵਿਧੀਆ ਵਿੱਚ ਉੱਚ ਪੱਧਰੀ ਅਦਾਕਾਰੀ ਵਿੱਚ ਸਫਲਤਾ ਪ੍ਰਾਪਤ ਕੀਤੀ ਹੋਵੇ ਅਤੇ ਆਉਂਦੇ 2 ਸਾਲਾਂ ਤੱਕ ਇਨਾਮ ਪ੍ਰਾਪਤ ਕਰਨ ਤੋਂ ਬਾਅਦ ਵੀ ਇੰਨ੍ਹਾਂ ਗਤੀਵਿਧੀਆ ਨੂੰ ਚਾਲੂ ਰੱਖਣ ਦਾ ਇਛੁੱਕ ਹੋਵੇ ਅਤੇ ਉਸ ਵੱਲੋਂ ਪ੍ਰਾਪਤ ਕੀਤੀਆ ਗਈਆਂ ਸੇਵਾਵਾਂ ਸਾਫ਼ ਲਿਖਤੀ ਰੂਪ ਵਿੱਚ ਤਰਜੀਹੀ ਗੁਣਾਤਮਿਕ ਹੋਣੀਆਂ ਚਾਹੀਦੀਆਂ ਹਨ।
       ਇਸ ਪੁਰਸਕਾਰ ਲਈ ਕੇਵਲ ਪੰਜਾਬ ਰਾਜ ਦੇ ਯੁਵਕ ਅਤੇ ਯੁਵਤੀਆਂ ਹੀ ਅਪਲਾਈ ਕਰ ਸਕਦੇ ਹਨ ਅਤੇ ਯੁਵਕ ਗਤੀਵਿਧੀਆਂ ਦੇ ਖੇਤਰ ਵਿੱਚ ਉੱਘਾ ਅਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਅਨੁਸੂਚਿਤ ਜਾਤੀ ਵਰਗ ਦੇ ਯੁਵਕ ਅਤੇ ਯੁਵਤੀਆਂ ਦੇ ਨਾਵਾਂ ਦੀ ਸ਼ਿਫਾਰਿਸ਼ ਦੀ ਵਿਸ਼ੇਸ ਤੌਰ ‘ਤੇ ਮੰਗ ਕੀਤੀ ਜਾਂਦੀ ਹੈ ਅਤੇ ਇਸ ਲਈ ਯੋਗ ਉਮੀਦਵਾਰ ਆਪਣੀਆਂ ਅਰਜੀਆਂ ਸਬੰਧਿਤ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਫ਼ਤਰ ਵਿੱਚ 20 ਅਕਤੂਬਰ 2011 ਤੱਕ ਭੇਜ ਸਕਦੇ ਹਨ।

Translate »