ਅੰਮ੍ਰਿਤਸਰ – ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਮਿਤੀ ੯ ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਕਵਿਤਾ ਮੁਕਾਬਲੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਜੌੜਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ. ਬਿਅੰਤ ਸਿੰਘ ਦੀ ਨਿਗਰਾਨੀ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕਰਵਾਏ ਗਏ ਕਵਿਤਾ ਮੁਕਾਬਲਿਆਂ ‘ਚ ਭਾਗ ਲੈਣ ਆਏ ਪੰਜਾਬ ਭਰ ਤੋਂ ੨੭ ਸਕੂਲਾਂ ਦੇ ਕੁੱਲ ੫੪ ਬੱਚਿਆਂ ਨੂੰ ਸ਼ਬਦ ਗੁਰੂ ਦੀ ਮਹਾਨਤਾ, ਗੁਰੂ-ਡੰਮ, ਸ੍ਰੀ ਗੁਰੂ ਰਾਮਦਾਸ ਜੀ, ਸਾਬਤ ਸੂਰਤ ਦਸਤਾਰ ਸਿਰਾ ਆਦਿ ਵਿਸ਼ੇ ਕਵਿਤਾ ਪੜ੍ਹਨ ਲਈ ਦਿੱਤੇ ਗਏ। ਬੱਚਿਆਂ ਦੀ ਕਾਰਜ-ਕੁਸ਼ਲਤਾ ਪਰਖ਼ਣ ਲਈ ਸ. ਕਰਮਜੀਤ ਸਿੰਘ ਨੂਰ (ਕਵੀ), ਧਰਮ ਪ੍ਰਚਾਰ ਕਮੇਟੀ ਦੇ ਸ/ਸੰਪਾਦਕ ਸ. ਸੁਰਿੰਦਰ ਸਿੰਘ ਨਿਮਾਣਾ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤੋਂ ਰੀਟਾਇਰਡ ਟੀਚਰ ਬੀਬੀ ਮਨਮੋਹਨ ਕੌਰ ਨੇ ਬਤੌਰ ਜੱਜ ਸੇਵਾ ਨਿਭਾਈ।
ਇਸ ਮੌਕੇ ਰੀਸਰਚ ਸਕਾਲਰ ਸ. ਅਪਿੰਦਰ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਕਿਰਨਦੀਪ ਕੌਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਤਰਸੇਮ ਸਿੰਘ ਤੇ ਭਾਈ ਜਗਦੇਵ ਸਿੰਘ ਵੀ ਹਾਜ਼ਰ ਸਨ।