ਕਪੂਰਥਲਾ – ਪ੍ਰੈਸ ਕਲੱਬ ਭੁਲੱਥ, ਜਿਸ ਦੇ ਮੈਂਬਰ ਸਰਗਰਮ ਪੱਤਰਕਾਰ ਅਤੇ ਪ੍ਰੈਸ ਫੋਟੋਗ੍ਰਾਫਰਰ ਹਨ, ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਸ਼ੁਰੂ ਕੀਤੀ ਗਈ ਮੁਹਿੰਮ ਦੀ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਭਰਵੀਂ ਸ਼ਲਾਘਾ ਕੀਤੀ ਹੈ। ਅੱਜ ਪ੍ਰੈਸ ਕਲੱਬ ਦੇ ਚੇਅਰਮੈਨ ਸਤਪਾਲ ਸਿੰਘ ਜੌਹਲ ਆਪਣੀ ਮੁਹਿੰਮ ਦੀ ਜਾਣਕਾਰੀ ਦੇਣ ਲਈ ਡਿਪਟੀ ਕਮਿਸ਼ਨਰ ਨੂੰ ਮਿਲੇ ਸਨ, ਜਿਸ ‘ਚ ਉਨ੍ਹਾਂ ਕਲੱਬ ਦੇ ਫੈਸਲੇ ਤੋਂ ਜਾਣੂੰ ਕਰਵਾਉਂਦੇ ਦੱਸਿਆ ਕਿ ਅਸੀਂ ਸਰਕਾਰ ਵੱਲੋਂ ਇਸ ਸਬੰਧੀ ਸ਼ੁਰੂ ਕੀਤੀ ਮੁਹਿੰਮ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ ਅਤੇ ਪਰਾਲੀ ਸਾੜਨ ਕਾਰਨ ਫੈਲਦੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਕਲੱਬ ਮੈਂਬਰ ਕਿਸਾਨਾਂ ਨੂੰ ਮੰਡੀਆਂ ‘ਚ ਜਾ ਕੇ ਵੀ ਜਾਗਰੂਕ ਕਰਨਗੇ। ਡਿਪਟੀ ਕਮਿਸ਼ਨਰ ਡਾ. ਸਿੱਧੂ ਨੇ ਇਸ ਮੁਹਿੰਮ ਦਾ ਸਵਾਗਤ ਕਰਦੇ ਕਿਹਾ ਕਿ ਇਹ ਸ਼ਲਾਘਾਯੋਗ ਅਤੇ ਪਵਿੱਦਰ ਕੰਮ ਹੈ। ਜੇਕਰ ਪ੍ਰੈਸ ਲੋਕਾਂ ਨੂੰ ਜਾਗਰੂਕ ਕਰੇ ਤਾਂ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕਦੇ ਹਨ।