October 6, 2011 admin

ਯੁਵਕ ਮੇਲੇ ਦੇ ਸਬੰਧ ਵਿੱਚ ਵੈਟਨਰੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਿਖਲਾਈ ਕੈਂਪ

ਲੁਧਿਆਣਾ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ੭ ਤੋਂ ੧੪ ਅਕਤੂਬਰ ਨੂੰ ਹੋਣ ਵਾਲੇ ਅੰਤਰ-ਕਾਲਜ ਯੁਵਕ ਮੇਲੇ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਅਤੇ ਉੇਨ੍ਹਾਂ ਦੀਆਂ ਕਲਾਵਾਂ ਨੂੰ ਨਿਖਾਰਨ ਲਈ ਇਕ ਵਿਸ਼ੇਸ਼ ਪੰਜ ਦਿਨਾਂ ਕੋਚਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕੋਮਲ ਕਲਾਵਾਂ ਜਿਨ੍ਹਾਂ ਵਿੱਚ ਕਲੇ ਮੌਡਲਿੰਗ, ਫੋਟੋਗ੍ਰਾਫੀ, ਰੰਗੋਲੀ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਕਾਰਟੂਨ ਬਨਾਉਣਾ ਅਤੇ ਮੌਕੇ ਤੇ ਚਿੱਤਰਕਾਰੀ ਸਬੰਧੀ ਸਿਖਲਾਈ ਦਿੱਤੀ ਗਈ। ਸਾਹਿਤਕ ਵਿਧਾਵਾਂ ਜਿਵੇਂ ਵਾਦ-ਵਿਵਾਦ, ਕਵਿਜ਼, ਭਾਸ਼ਣ ਮੁਕਾਬਲਾ ਅਤੇ ਕਵਿਤਾ ਉਚਾਰਣ ਲਈ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਇਨ੍ਹਾਂ ਕਲਾਵਾਂ ਨਾਲ ਸਬੰਧਤ ਕੋਚ ਸਾਹਿਬਾਨ ਨੇ ਵਿਦਿਆਰਥੀਆਂ ਨੂੰ ਬਿਹਤਰ ਪ੍ਰਦਰਸ਼ਨ ਵਾਸਤੇ ਮੁੱਲਵਾਨ ਨੁਕਤੇ ਦੱਸੇ। ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਦਰਸ਼ਨ ਸਿੰਘ ਔਲਖ ਨੇ ਦੱਸਿਆ ਕਿ ਸਮੂਹ ਪ੍ਰਦਰਸ਼ਨੀ ਵਾਲੀਆਂ ਕਲਾਵਾਂ ਵਿੱਚ ਵਿਦਿਆਰਥੀ ਇਕੱਠੇ ਹੋ ਕੇ ਤਿਆਰੀ ਵਿੱਚ ਜੁਟੇ ਰਹਿੰਦੇ ਹਨ ਜਦਕਿ ਇਨ੍ਹਾਂ ਕਲਾਵਾਂ ਸਬੰਧੀ ਉਨ੍ਹਾਂ ਨੂੰ ਕੋਈ ਵਧੇਰੇ ਮਾਹਿਰ ਰਾਵਾਂ ਨਹੀਂ ਮਿਲਦੀਆਂ ਜਿਸ ਕਾਰਣ ਉਹ ਬੁਨਿਆਦੀ ਪਹਿਲੂਆਂ ਨੂੰ ਪਕੜ ਨਹੀਂ ਸਕਦੇ। ਇਸ ਕੈਂਪ ਦਾ ਇਹੋ ਉਦੇਸ਼ ਸੀ ਕਿ ਵਿਦਿਆਰਥੀ ਜਿੱਥੇ ਆਪਣਾ ਪ੍ਰਦਰਸ਼ਨ ਸੁਧਾਰ ਸਕਣ ਉੱਥੇ ਇਨ੍ਹਾਂ ਕਲਾਵਾਂ ਸਬੰਧੀ ਉਹ ਵਧੇਰੇ ਗਿਆਨਵਾਨ ਵੀ ਹੋ ਸਕਣ। ਕੈਂਪ ਦੇ ਮੌਕੇ ਡਾ. ਸਤਿੰਦਰ ਪਾਲ ਸਿੰਘ ਸੰਘਾ ਨਿਰਦੇਸ਼ਕ ਵਿਦਿਆਰਥੀ ਭਲਾਈ ਵੀ ਉਚੇਚੇ ਤੌਰ ਤੇ ਪਧਾਰੇ ਅਤੇ ਵਿਦਿਆਰਥੀਆਂ ਨੂੰ ਬਿਹਤਰ ਪ੍ਰਦਰਸ਼ਨ ਵਾਸਤੇ ਪ੍ਰੇਰਿਆ।

Translate »