* ਪੇਂਡੂ ਖੇਤਰਾਂ ਨੂੰ 24 ਘੰਟੇ ਬਿਜਲੀ ਮੁਹੱਈਆ ਹੋਵੇਗੀ : ਰੱਖੜਾ
ਪਟਿਆਲਾ – ”ਪੰਜਾਬ ਨੂੰ ਇੱਕ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਥੇ ਤੇਜ਼ੀ ਨਾਲ ਥਰਮਲ ਪਲਾਂਟਾਂ ਦੇ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਵਾਇਆ ਜਾ ਰਿਹਾ ਹੈ ਉਥੇ ਨਾਲ ਹੀ ਪੇਂਡੂ ਖੇਤਰਾਂ ਵਿੱਚ 24 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਬਿਜਲੀ ਗਰਿੱਡ ਬਣਵਾਏ ਜਾ ਰਹੇ ਹਨ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਸਮਾਣਾ ਨੇੜਲੇ ਪਿੰਡ ਜੌੜਾਮਾਜਰਾ ਵਿਖੇ ਕਰੀਬ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 66 ਕੇ.ਵੀ ਬਿਜਲੀ ਸਬ-ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਸ. ਰੱਖੜਾ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਪੰਜਾਬ ਦਾ ਕੋਈ ਵੀ ਪਿੰਡ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਤੋਂ ਵਾਂਝਾ ਨਹੀਂ ਰਹੇਗਾ ਅਤੇ ਨਾ ਹੀ ਸੂਬੇ ਨੂੰ ਹੋਰਨਾਂ ਰਾਜਾਂ ਕੋਲੋਂ ਬਿਜਲੀ ਦੀ ਖਰੀਦ ਕਰਨੀ ਪਵੇਗੀ ।
ਸ. ਰੱਖੜਾ ਨੇ ਕਿਹਾ ਕਿ ਸਮਾਣਾ ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਉਨ੍ਹਾਂ ਕਿਹਾ ਕਿ ਹਾੜੀ-ਸਾਉਣੀ ਦੇ ਸੀਜ਼ਨ ਦੌਰਾਨ ਪਹਿਲਾਂ ਜਿਹੜੇ ਕਿਸਾਨਾਂ ਨੂੰ ਬਿਜਲੀ ਕੱਟਾਂ ਦੀ ਮਾਰ ਸਹਿਣੀ ਪੈਂਦੀ ਸੀ ਉਨ੍ਹਾਂ ਕਿਸਾਨਾਂ ਲਈ ਪੰਜਾਬ ਸਰਕਾਰ ਦੀਆਂ ਕਿਸਾਨ ਹਮਾਇਤੀ ਨੀਤੀਆਂ ਵਰਦਾਨ ਸਾਬਿਤ ਹੋ ਰਹੀਆਂ ਹਨ । ਸ. ਰੱਖੜਾ ਨੇ ਕਿਹਾ ਕਿ ਸਬ-ਸਟੇਸ਼ਨ ਜੌੜਾਮਾਜਰਾ ਦੇ ਸਥਾਪਤ ਹੋਣ ਨਾਲ ਦਰਜਨ ਤੋਂ ਵੀ ਵੱਧ ਪਿੰਡਾਂ ਜਿਵੇਂ ਜੌੜੇਮਾਜਰਾ, ਧਨੇਠਾ, ਰਾਜਗੜ੍ਹ, ਮਰੋੜੀ, ਰਾਈਮਾਜਰਾ, ਰੇਤਗੜ੍ਹ, ਮਵੀ, ਗੁਰਦਿਆਲਪੁਰ, ਮੇਲਮਾਜਰਾ, ਚੁੱਪਕੀ, ਸਪਰਹੇੜੀ, ਮਰਦਾਂਹੇੜੀ ਤੇ ਰਤਨੇੜੀ ਆਦਿ ਨੂੰ ਨਿਰਵਿਘਨ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਬਿਜਲੀ ਦੇ ਖੇਤਰ ਵਿੱਚ ਪੰਜਾਬ ਦੇਸ਼ ਦੇ ਹੋਰਨਾਂ ਰਾਜਾਂ ਨੂੰ ਪਛਾੜ ਕੇ ਮੋਹਰੀ ਸੂਬਾ ਬਣ ਜਾਵੇਗਾ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਬਿਜਲੀ ਲੋਕਾਂ ਦੀ ਵੱਡੀ ਤੇ ਅਹਿਮ ਲੋੜ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਪਿੰਡਾਂ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ।
ਇਸ ਮੌਕੇ ਮੈਂਬਰ ਐਸ.ਜੀ.ਪੀ.ਸੀ ਸ. ਨਿਰਮਲ ਸਿੰਘ ਹਰਿਆਊ ਤੇ ਸ. ਕੁਲਦੀਪ ਸਿੰਘ ਨੱਸੂਪੁਰ, ਸਾਬਕਾ ਮੰਤਰੀ ਪੰਜਾਬ ਸ. ਹਮੀਰ ਸਿੰਘ ਘੱਗਾ, ਚੇਅਰਮੈਨ ਮਾਰਕੀਟ ਕਮੇਟੀ ਸਮਾਣਾ ਸ. ਅਮਨਦੀਪ ਸਿੰਘ ਜੌੜੇਮਾਜਰਾ, ਚੇਅਰਮੈਨ ਨਗਰ ਸੁਧਾਰ ਟਰੱਸਟ ਸਮਾਣਾ ਸ਼੍ਰੀ ਅਸ਼ੋਕ ਮੋਦਗਿੱਲ, ਸ਼੍ਰੀ ਗੁਰਮੁਖ ਸਿੰਘ ਰਾਈਮਾਜਰਾ, ਸ਼੍ਰੀ ਜੋਗਿੰਦਰ ਸਿੰਘ ਕਾਕੜਾ, ਸ਼੍ਰੀ ਰਣਧੀਰ ਸਿੰਘ ਜੌੜੇਮਾਜਰਾ, ਸ਼੍ਰੀ ਗੁਰਚਰਨ ਸਿੰਘ ਵੜੈਚਾਂ, ਐਕਸੀਅਨ ਸ਼੍ਰੀ ਗੁਰਜੰਟ ਸਿੰਘ, ਐਸ.ਡੀ.ਓ ਸ਼੍ਰੀ ਨਰਾਇਣ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ ।