ਹਵਾਈ ਜ਼ਹਾਜ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ
ਅੰਮ੍ਰਿਤਸਰ – ਸਾਹਿਬ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ ਅੱਜ 8 ਅਕਤੂਬਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਲੱਖਣ ਨਗਰ ਕੀਰਤਨ ਆਰੰਭ ਹੋਵੇਗਾ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਇਹ ਨਗਰ ਕੀਰਤਨ ਆਰੰਭ ਹੋਵੇਗਾ, ਜਿਸ ‘ਚ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਟਾਫ, ਬੈਂਡ, ਸ਼ਹਿਰ ਦੀ ਵੱਖ-ਵੱਖ ਬੈਂਡ ਪਾਰਟੀਆਂ, ਧਾਰਮਿਕ ਸਭਾ-ਸੁਸਾਇਟੀਆਂ ਸ਼ਬਦੀ ਜਥੇ, ਗਤਕਾ ਪਾਰਟੀਆਂ ਤੇ ਗੁਰੁ-ਜਸ ਗਾਇਨ ਕਰਦੀਆਂ ਪੈਦਲ ਸੰਗਤਾਂ ਸ਼ਮੂਲੀਅਤ ਕਰਨਗੀਆਂ। ਨਗਰ ਕੀਰਤਨ ‘ਤੇ ਹਵਾਈ ਜ਼ਹਾਜ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।
ਨਗਰ ਕੀਰਤਨ ਸ੍ਰੀ ਗੁਰੁ ਰਾਮਦਾਸ ਨਿਵਾਸ ਤੋਂ ਬ੍ਰਹਮ ਬੂਟਾ ਮਾਰਕੀਟ, ਚੌਂਕ ਘੰਟਾ ਘਰ, ਬਜ਼ਾਰ ਮਾਈ ਸੇਵਾਂ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ, ਬਜ਼ਾਰ ਬਾਂਸਾਂ, ਚੌਂਕ ਛੱਤੀ ਖੂਹੀ, ਚਾਵਲਮੰਡੀ, ਦਾਲ ਮੰਡੀ, ਚੌਂਕ ਢਾਬ ਵਸਤੀ ਰਾਮ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੌੜੀ, ਚੌਂਕ ਬਾਬਾ ਸਾਹਿਬ, ਚੌਂਕ ਪ੍ਰਾਗਦਾਸ ਤੇ ਸ੍ਰੀ ਗੁਰੁ ਰਾਮਦਾਸ ਨਿਵਾਸ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਵੇਗਾ। ਰਾਤ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ‘ਚ 7 ਤੋਂ ਅੰਮ੍ਰਿਤ ਵੇਲੇ 2 ਵਜੇ ਕੀਰਤਨ ਸਮਾਗਮ (ਨਿਰੋਲ ਤੰਤੀ ਸਾਜਾਂ ਨਾਲ) ਹੋਵੇਗਾ ਜਿਸ ‘ਚ ਨਾਮਵਰ ਰਾਗੀ ਭਾਈ ਨਿਰਮਲ ਸਿੰਘ ਜੀ ਖ਼ਾਲਸਾ, ਭਾਈ ਸਰਬਜੀਤ ਸਿੰਘ ਜੀ, ਭਾਈ ਹਰਪਿੰਦਰ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਡਾਕਟਰ ਗੁਰਨਾਮ ਸਿੰਘ ਜੀ ਪਟਿਆਲਾ, ਡਾਕਟਰ ਗੁਰਿੰਦਰ ਸਿੰਘ ਜੀ ਬਟਾਲਾ, ਭਾਈ ਜਸਬੀਰ ਸਿੰਘ ਜੀ ਖਾਲਸਾ ਯੂ.ਕੇ. ਵਾਲੇ, ਭਾਈ ਗੁਰਮੀਤ ਸਿੰਘ ਜੀ ਸ਼ਾਂਤ ਜਲੰਧਰ, ਭਾਈ ਹਰਿੰਦਰ ਸਿੰਘ ਦਲੀਪ ਸਿੰਘ ਫੱਕਰ ਪਟਿਆਲਾ ਵਾਲੇ, ਭਾਈ ਸ਼ਰਨਜੀਤ ਸਿੰਘ ਜੀ ਅੰਮ੍ਰਿਤਸਰ ਵਾਲੇ ਅਤੇ ਬੀਬੀ ਆਸ਼ੂਪ੍ਰੀਤ ਕੌਰ ਜੀ ਜਲੰਧਰ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪੁਰਬ ਨੂੰ ਸਮਰਪਿਤ 9 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਜਲੌਅ ਸਜਾਏ ਜਾਣਗੇ। ਇਸੇ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਰਾ ਦਿਨ ਦੀਵਾਨ ਸਜਣਗੇ ਜਿਥੇ ਨਾਮਵਰ ਰਾਗੀ, ਢਾਡੀ, ਕਵੀ, ਕੀਰਤਨੀ ਜਥੇ ਤੇ ਨਾਮਵਰ ਵਿਦਵਾਨ ਬੀਰ-ਰਸੀ ਵਾਰਾਂ, ਇਲਾਹੀ ਬਾਣੀ ਦੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ-ਜਸ ਸਰਵਣ ਕਰਾਉਣਗੇ। ਰਾਤ 8 ਵਜੇ ਤੋਂ ਦੇਰ ਰਾਤ ਤੱਕ ਵਿਸ਼ੇਸ਼ ਕਵੀ ਸਮਾਗਮ ਹੋਵੇਗਾ ਜਿਸ ‘ਚ ਨਾਮਵਰ ਪੰਥਕ ਕਵੀ ਸ਼ਮੂਲੀਅਤ ਕਰਨਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ ਵਿਖੇ ਦੀਪਮਾਲਾ ਹੋਵੇਗੀ ਅਤੇ ਸ਼ਾਮ ਨੂੰ ਰਹਿਰਾਸ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਜਾਵੇਗੀ।
ਇਸੇ ਦਿਨ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ-ਸੰਚਾਰ ਹੋਵੇਗਾ, ਅੰਮ੍ਰਿਤ-ਅਭਿਲਾਖੀ ਤਿਆਰ ਬਰ ਤਿਆਰ ਹੋ ਕੇ ਸਮੇਂ ਸਿਰ ਪੁੱਜਣ ਦੀ ਖੇਚਲ ਕਰਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾਘਰ ਵਿਖੇ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਸਿੱਖ ਧਰਮ, ਗੁਰਮਤਿ ਤੇ ਇਤਿਹਾਸ ਨਾਲ ਸਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜੋ 9 ਅਕਤੂਬਰ ਤੀਕ ਜ਼ਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਗੁਰਪੁਰਬ ਨੂੰ ਸਮਰਪਿਤ ਇਸੇ ਦਿਨ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਪਿੰਡ, ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਅਤੇ ਭਾਈ ਵੀਰ ਸਿੰਘ ਹਾਲ ਲਾਰੰਸ ਰੋਡ ਤੋਂ ਸਵੇਰੇ 6 ਵਜੇ ਪ੍ਰਭਾਤ ਫੇਰੀਆਂ ਆਰੰਭ ਹੋਣਗੀਆਂ ਜੋ ਵੱਖ-ਵੱਖ ਬਜ਼ਾਰਾਂ ‘ਚ ਹੁੰਦੀਆਂ ਹੋਈਆਂ 9 ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾਘਰ ਵਿਖੇ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਸਮੂੰਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ ਸਜੇ ਹੋਏ ਦੀਵਾਨਾਂ ‘ਚ ਹਾਜ਼ਰੀਆਂ ਭਰਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ।