ਫਤਹਿਗੜ੍ਹ ਸਾਹਿਬ – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ ਪੇਂਡੂ ਵਿਦਿਅਕ ਕ੍ਰਾਂਤੀ ਦੀ ਲਹਿਰ ਤਹਿਤ 100 ਅਕਾਲ ਅਕੈਡਮੀਆਂ ਦੀ ਸਫਲ ਸ਼ੁਰੂਆਤ ਤੋਂ ਬਾਅਦ ਜੋ ਅੱਜ ਪਿੰਡ ਚੁੰਨੀ ਵਿਖੇ ਅਕਾਲ ਅਕੈਡਮੀ ਦੀ 101ਵੀਂ ਬਰਾਂਚ ਅਤੇ ਨਾਲ ਹੀ ਅਕਾਲ ਕਾਲਜ ਆਫ ਐਜੂਕੇਸ਼ਨ ਦਾ ਨੀਂਹ ਪੱਥਰ ਰੱਖ ਕੇ ਪੰਜਾਬ ਦੇ ਵਿਦਿਅਕ ਖੇਤਰ ਵਿੱਚ ਇਨਕਲਾਬ ਲਿਆਉਣ ਦੀ ਸ਼ੁਰੂਆਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਰਾਜ ਸਭਾ ਸ: ਬਲਵਿੰਦਰ ਸਿੰਘ ਭੂੰਦੜ ਨੇ ਇਸ ਵਿਦਿਅਕ ਸੰਸਥਾ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਟਰੱਸਟ ਵੱਲੋਂ ਭਵਿੱਖ ਦੇ ਦੇਸ਼ ਦੇ ਨਿਮਰਾਤਾਵਾਂ ਨੂੰ ਨੈਤਿਕ ਕਦਰਾਂ ਕੀਮਤਾਂ ਤੇ ਆਧਾਰਤ ਸਮੇਂ ਦੀਆਂ ਲੋੜਾਂ ਅਨੁਸਾਰ ਆਧੁਨਿਕ ਤਕਨੀਕੀ ਆਧਾਰ ਤੇ ਵਿਸ਼ਵ ਪੱਧਰ ਦੀ ਜੋ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਉਹ ਅਜੋਕੇ ਯੁੱਗ ਵਿੱਚ ਬਹੁਤ ਹੀ ਸਾਰਥਕ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਨੌਜਵਾਨਾਂ ਦੇ ਸਿੱਖੀ ਸਰੂਪ ਦੇ ਪਤਿਤਪੁਣੇ ਨੂੰ ਰੋਕਣ ਵਿੱਚ ਕਲਗੀਧਰ ਟਰੱਸਟ ਵੱਲੋਂ ਗੁਰੂਆਂ ਪੀਰਾਂ ਤੋਂ ਵਿਰਾਸਤ ਵਿੱਚ ਮਿਲੀਆਂ ਨੈਤਿਕ ਕਦਰਾਂ ਕੀਮਤਾਂ ਤੇ ਆਧਾਰਤ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਿੱਖਿਆ ਵਿਸ਼ੇਸ਼ ਭੂਮਿਕਾ ਨਿਭਾ ਰਹੀ ਹੈ।
ਸ: ਭੂੰਦੜ ਨੇ ਆਖਿਆ ਕਿ ਇਸ ਟਰੱਸਟ ਨੇ ਵਿਦਿਆਰਥੀਆਂ ਵਿੱਚ ਧਾਰਮਿਕ ਕਦਰਾਂ ਕੀਮਤਾਂ ਪੈਦਾ ਕਰਕੇ ਵੱਡੀ ਪੱਧਰ ਤੇ ਪੰਜਾਬ ਵਿੱਚ ਨਸ਼ੇਬਾਜੀ ਨੂੰ ਠੱਲ੍ਹ ਪਾਉਣ ਵਾਸਤੇ ਵਿਆਪਕ ਮੁਹਿੰਮ ਚਲਾਈ ਹੈ ,ਜਿਸ ਦੇ ਕਿ ਦੁਰਗਾਮੀ ਸਿੱਟੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਲਗੀਧਰ ਟਰੱਸਟ ਵੱਲੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਯੂਨੀਵਰਸਿਟੀ ਸਥਾਪਤ ਕਰਨ ਦੇ ਫੈਸਲੇ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਸ ਟਰੱਸਟ ਵੱਲੋਂ ਪੇਂਡੂ ਖੇਤਰ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਇਸ ਮੌਕੇ ਆਪਣੇ ਅਖਤਿਆਰੀ ਫੰਡ ਵਿੱਚੋਂ ਇਸ ਵਿਦਿਅਕ ਸੰਸਥਾ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਵਿਧਾਇਕ ਸਰਹਿੰਦ ਸ: ਦੀਦਾਰ ਸਿੰਘ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਸੂਬਾ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਹੀ ਤਰੱਕੀ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਕਲਗੀਧਰ ਟਰੱਸਟ ਪੇਂਡੂ ਖੇਤਰ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ ਕਿਉਂਕਿ ਪਿੰਡਾਂ ਦੇ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਹਾਸਲ ਕਰਕੇ ਹੀ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਦੇ ਹਨ। ਸ: ਭੱਟੀ ਨੇ ਵੀ ਇਸ ਵਿਦਿਅਕ ਸੰਸਥਾ ਨੂੰ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਾਲ 2013 ਤੱਕ 150 ਅਕਾਲ ਅਕੈਡਮੀਆਂ ਖੋਲ੍ਰ ਕੇ ਉਨ੍ਹਾਂ ਵਿੱਚ ਵਿਦਿਆਰਥੀਆਂ ਦੇ ਰੂਪ ਵਿੱਚ ਢਾਈ ਲੱਖ ਕ੍ਰਾਂਤੀ ਦੂਤ ਪੈਦਾ ਕੀਤੇ ਜਾਣਗੇ ਜੋ ਦੁਨੀਆਂ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਦੇ ਕੇ ਨਾਗਰਿਕਾਂ ਨੂੰ ਸੱਚ ਅਤੇ ਸਾਂਤੀ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿੱਚ ਅਕਾਲ ਅਕੈਡਮੀ ਖੁੱਲ੍ਹ ਜਾਂਦੀ ਹੈ ਉਸ ਦੇ ਆਸ ਪਾਸ ਦੇ ਇਲਾਕੇ ਵਿੱਚ ਸਮਾਜਿਕ ਬੁਰਾਈਆਂ ਘਟ ਜਾਂਦੀਆਂ ਹਨ। ਉਨ੍ਹਾਂ ਦੱÎਸਿਆ ਕਿ ਟਰੱਸਟ ਨੇ ਆਪਣੀ ਵਿਦਿਅਕ ਮੁਹਿੰਮ ਨੂੰ ਹੋਰ ਮਜਬੂਤ ਕਰਦਿਆਂ ਬੜੂ ਸਾਹਿਬ ਵਿਖੇ ਇਟਰਨਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ ਜਿੱਥੇ ਕਿ 24 ਤਰ੍ਹਾਂ ਦੇ ਆਧੁਨਿਕ ਕੋਰਸ ਪੜ੍ਹਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਕਾਲ ਕਾਲਜ ਆਫ ਇੰਜਨੀਅਰਿੰਗ ਟੈਕਨਾਲੋਜੀ ਸਾਲ 2011 ਵਿੱਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ 19 ਕਾਲਜਾਂ ਵਿੱਚੋਂ ਨਤੀਜੇ ਵਜੋਂ ਪਹਿਲੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਕਲਗੀਧਰ ਟਰੱਸਟ ਵਿਦਿਅਕ ਖੇਤਰ ਦੇ ਨਾਲ ਨਾਲ ਸਮਾਜਿਕ, ਸਿਹਤ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਵੀ ਵੱਡੀ ਪੱਧਰ ਤੇ ਗਤੀਵਿਧੀਆਂ ਚਲਾਉਂਦਾ ਹੈ। ਇਸ ਤੋਂ ਇਲਾਵਾ ਨੋਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ।
ਇਸ ਮੌਕੇ ਮੈਬਰ ਰਾਜ ਸਭਾ ਸ੍ਰ: ਬਲਵਿੰਦਰ ਸਿੰਘ ਭੂੰਦੜ ਅਤੇ ਕਲਗੀਧਰ ਟਰੱਸਟ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਨੇ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਦਰਸ਼ਨ ਸਿੰਘ ਜੋਤੀ ਸਰੂਪ ਵਾਲੇ, ਗਿਆਨੀ ਭਰਪੂਰ ਸਿੰਘ , ਬਾਬਾ ਹਰਦੀਪ ਸਿੰਘ ਅਤੇ ਹੋਰ ਸੰਤਾਂ ਮਹਾਂਪੁਰਸ਼ਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਇਸ ਵਿੱਦਿਅਕ ਸੰਸਥਾ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਭਾਈ ਹਰਦੀਪ ਸਿੰਘ ਮੋਹਾਲੀ, ਭਾਈ ਨਿਰਮਲ ਸਿੰਘ ਜੌਲਾ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਭਾਈ ਰਣਧੀਰ ਸਿੰਘ ਚੀਮਾ, ਸ: ਵਿਨਰਜੀਤ ਸਿਘ ਗੋਲਡੀ ਡਾਇਰੈਕਟਰ ਪੇਡਾ, ਡਾ: ਐਚ.ਐਸ. ਧਾਲੀਵਾਲ, ਮਹੰਤ ਹਰਪਾਲ ਦਾਸ ਈਮਾਮਗੜ੍ਹ ਵਾਲੇ, ਸ: ਗੁਰਨਾਮ ਸਿੰਘ ਸ੍ਰੋਮਣੀ ਅਕਾਲੀ ਦਲ, ਬਾਬਾ ਜੰਗ ਸਿੰਘ ਕੁੱਪਰਹੀੜਾ, ਸ: ਅਮਰਜੀਤ ਸਿੰਘ ਘੁੰਮਣ, ਬੀਬੀ ਗੁਰਦੇਵ ਕੌਰ ਚੀਮਾ ਚੇਅਰਮੈਨ ਪੰਜਾਬ ਔਰਤ ਭਲਾਈ ਕਮਿਸ਼ਨ, ਹੈਡ ਗਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਭਾਈ ਹਰਪਾਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਸ: ਜਤਿੰਦਰ ਸਿੰਘ ਬੱਬੂ ਤੋਂ ਇਲਾਵਾ ਹੋਰ ਪਤਵੰਤੇ ਵੀ ਸ਼ਾਮਲ ਹੋਏ।