October 7, 2011 admin

ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ‘ਚ ਸਖਤ ਸੁਰੱਖਿਆ ਪ੍ਰਬੰਧ-ਐਸ.ਐਸ.ਪੀ

–ਝੋਨੇ ਦੀ ਅਦਾਇਗੀ ਲਿਜਾਣ ਸਮੇਂ ਕਿਸਾਨ ਲਾਪ੍ਰਵਾਹੀ ਨਾ ਵਰਤਣ–
ਕਪੂਰਥਲਾ – ਕਪੂਰਥਲਾ ਜਿਲ੍ਹੇ ਦੇ ਐਸ.ਐਸ.ਪੀ. ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਜ਼ਿਲ੍ਹੇ ਭਰ ‘ਚ ਸੁਰੱਖਿਆ ਦੇ ਸਖਤ ਪ੍ਰਬੰਧ ਕਰਦਿਆਂ ਨਾਕੇਬੰਦੀ ਵਧਾ ਦਿੱਤੀ ਹੈ ਅਤੇ ਵਾਹਨਾ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਵੀ ਗਸ਼ਤ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਗੈਰ ਸਮਾਜੀ ਅਨਸਰ ਤਿਉਹਾਰਾਂ ਦੇ ਦਿਨਾਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ।
ਸ. ਮਾਨ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ। ਉਨ੍ਹਾਂ ਨਾਲ ਹੀ ਬੈਂਕਾਂ ਅਤੇ ਪੈਸਿਆਂ ਦੇ ਲੈਣ ਦੇਣ ਨਾਲ ਸਬੰਧਿਤ ਅਜਿਹੇ ਹੋਰਨਾਂ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਕਮਊਨਿਟੀ ਪੁਲਿਸ ਦੀ ਮੱਦਦ ਲੈਣ ਅਤੇ ਪੁਲਿਸ ਨਾਲ ਵੀ ਹਮੇਸ਼ਾ ਰਾਬਤਾ  ਰੱਖਣ।
ਇਸ ਦੇ ਨਾਲ ਹੀ ਉਨ੍ਹਾਂ ਝੋਨੇ ਦੀ ਅਦਾਇਗੀ ਦੇ ਲੈਣ-ਦੇਣ ਸਮੇਂ ਕਿਸਾਨਾਂ ਅਤੇ ਆੜਤੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਸਕੂਟਰਾਂ, ਕਾਰਾਂ ਆਦਿ ਵਿਚ ਪੈਸੇ ਸੁੰਨੇ ਨਾ ਛੱਡ ਕੇ ਜਾਣ। ਉੁਨਾਂ ਕਿਹਾ ਕਿ ਲੋਕ ਕਿਸੇ ਵੀ ਥਾਂ ਉਪਰ ਪਈ ਅਣਪਛਾਤੀ ਚੀਜ਼ ਨੂੰ ਹੱਥ ਨਾ ਲਾਉਣ ਅਤੇ ਅਜਿਹੀਆਂ ਵਸਤੂਆਂ ਜਾਂ ਵਿਅਕਤੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਂਅ, ਪਤਾ ਪੁਲਿਸ ਵਲੋਂ ਗੁਪਤ ਰੱਖਿਆ ਜਾਂਦਾ ਹੈ।
ਜ਼ਿਲਾ ਪੁਲਿਸ ਮੁਖੀ ਨੇ ਚੇਤਾਵਨੀ ਦਿੱਤੀ ਕਿ ਜ਼ਿਲ੍ਹੇ ‘ਚ ਅਮਨ ਕਾਨੂੰਨ ਦੀ ਸਥਿਤੀ ਹਰ ਹਾਲ ਕਾਇਮ ਰੱਖੇਗੀ ਅਤੇ ਕਿਸੇ ਗੈਰ ਸਮਾਜੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

Translate »