ਹੁਸ਼ਿਆਰਪੁਰ – ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਵੱਲੋਂ ਹੁਸ਼ਿਆਰਪੁਰ ਦੀ ਮੁੱਖ ਦਾਣਾ ਮੰਡੀ ਵਿਖੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਅਤੇ ਆੜਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਤੇ ਅਦਾਇਗੀ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਮੰਡੀਆਂ ਵਿੱਚੋਂ ਝੋਨੇ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ ਅਤੇ ਖਰੀਦ ਕੀਤੇ ਗਏ ਝੋਨੇ ਦੀ ਲਿਫਟਿੰਗ ਨਾਲ ਦੀ ਨਾਲ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਝੋਨਾ ਹਰ ਪੱਖੋਂ ਸੁਕਾ ਕੇ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਝੋਨੇ ਦੀ ਵੇਚ ਸਬੰਧੀ ਕਿਸੇ ਕਿਸਮ ਦੀ ਕੋਈ ਔਕੜ ਪੇਸ਼ ਨਾ ਆਵੇ। ਸ੍ਰੀ ਸੂਦ ਨੇ ਹੁਸ਼ਿਆਰਪੁਰ ਦੀ ਦਾਣਾ ਮੰਡੀ ਵਿੱਚ ਆਏ ਝੋਨੇ ਦੀ ਕੁਆਲਟੀ ਸਬੰਧੀ ਤਸੱਲੀ ਪ੍ਰਗਟਾਈ ਅਤੇ ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਇਸ ਸਾਲ ਝੋਨੇ ਦੀ ਕੁਆਲਟੀ ਬਹੁਤ ਵਧੀਆ ਹੈ।
ਚੇਅਰਮੈਨ ਮਾਰਕਿਟ ਕਮੇਟੀ ਅਮਰਜੀਤ ਸਿੰਘ ਚੌਹਾਨ ਅਤੇ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਸੁਧੀਰ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਬਾਰਦਾਨਾਂ, ਲਾਈਟਾਂ, ਪੀਣ ਵਾਲੇ ਸਾਫ਼-ਸੁਥਰੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਭਾਜਪਾ ਆਗੂ ਸੋਮ ਪ੍ਰਕਾਸ਼, ਜਨਰਲ ਸਕੱਤਰ ਦਾਣਾ ਮੰਡੀ ਰਮੇਸ਼ ਚੰਦਰ, ਵਾਈਸ ਪ੍ਰਧਾਨ ਧਰਮਿੰਦਰ ਸਿੰਘ ਮੌਦਗਿੱਲ, ਜ਼ਿਲ੍ਹਾ ਮੰਡੀ ਅਫ਼ਸਰ ਨਿਰਮਲ ਸਿੰਘ, ਸਕੱਤਰ ਮਾਰਕਿਟ ਕਮੇਟੀ ਜਸਪਾਲ ਸਿੰਘ, ਮੰਡੀ ਸੁਪਰਵਾਈਜ਼ਰ ਲਛਮਣ ਸਿੰਘ, ਆਕਸ਼ਨ ਰਿਕਾਰਡਰ ਬਲਬੀਰ ਸਿੰਘ, ਯਾਦਵ ਕਾਂਤ, ਸਮੂਹ ਆੜਤੀ ਦਾਣਾ ਮੰਡੀ, ਅਸ਼ਵਨੀ ਓਹਰੀ, ਵਿਨੋਦ ਪ੍ਰਮਾਰ, ਯਸ਼ਪਾਲ ਸ਼ਰਮਾ ਅਤੇ ਮੰਡੀ ਵਿੱਚ ਆਏ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।