ਅੰਮ੍ਰਿਤਸਰ – ਅਕਤੂਬਰ- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਰਤਨ ਮੁਕਾਬਲੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ। 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਪੰਜਾਬ ਭਰ ਤੋਂ ਤਕਰੀਬਨ 21 ਸਕੂਲਾਂ ਦੇ ਬੱਚਿਆਂ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਨਿਰਧਾਰਤ ਰਾਗਾਂ ‘ਚ ਕੀਰਤਨ ਮੁਕਾਬਲਿਆਂ ‘ਚ ਹਿੱਸਾ ਲਿਆ। ਹਰੇਕ ਕੀਰਤਨੀ ਜਥੇ ਵਿਚ ਛੇ ਮੈਂਬਰਾਂ ਦਾ ਹੋਣਾ ਲਾਜਾਮੀ ਸੀ ਤੇ ਹਰੇਕ ਜਥੇ ਨੂੰ ਤਕਰੀਬਨ 10 ਮਿੰਟ ਦਾ ਸਮਾਂ ਦਿੱਤਾ ਗਿਆ।
ਸਕੂਲੀ ਬੱਚਿਆਂ ਦੇ ਜਥਿਆਂ ਵੱਲੋਂ ਕੀਰਤਨ ਕਰਨ ਸਮੇਂ ਸ਼ਬਦ ਗਿਆਨ ਤੇ ਰਾਗ ਦੀ ਸੂਜ ਨੂੰ ਪਰਖਣ ਲਈ ਗੁਰਦੁਆਰਾ ਮੰਜੀ ਸਾਹਿਬ ਦੇ ਹਜ਼ੂਰੀ ਰਾਗੀ ਪ੍ਰੋ: ਰਵੇਲ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰੋ: ਸੁਰਜੀਤ ਸਿੰਘ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸੰਗੀਤ ਵਿਭਾਗ ਦੀ ਪ੍ਰੋ: ਬੀਬੀ ਹਰਲੀਨ ਕੌਰ ਨੇ ਜੱਜ ਦੀ ਸੇਵਾ ਨਿਭਾਈ, ਸਮੁੱਚੇ ਪ੍ਰੋਗਰਾਮ ਦੀ ਨਿਗਰਾਨੀ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਜੌੜਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ. ਮੈਨੇਜਰ ਸ. ਬਿਅੰਤ ਸਿੰਘ ਨੇ ਕੀਤੀ। ਇਨ੍ਹਾਂ ਦੇ ਸਹਿਯੋਗ ਵਜੋਂ ਰੀਸਰਚ ਸਕਾਲਰ ਬੀਬੀ ਅਮਰਜੀਤ ਕੌਰ ਤੇ ਬੀਬੀ ਕਿਰਨਦੀਪ ਕੌਰ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਜਗਦੇਵ ਸਿੰਘ ਤੇ ਭਾਈ ਹਰਿੰਦਰ ਸਿੰਘ ਵੀ ਹਾਜ਼ਰ ਸਨ। ਕੀਰਤਨ ਮੁਕਾਬਲਿਆਂ ‘ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 9 ਅਕਤੂਬਰ ਨੂੰ ਪ੍ਰਕਾਸ਼-ਪੁਰਬ ਵਾਲੇ ਦਿਨ ਇਸੇ ਅਸਥਾਨ ਤੇ ਸਨਮਾਨਤ ਕੀਤਾ ਜਾਵੇਗਾ।