ਪਟਿਆਲਾ – ਭਾਰਤੀ ਫੌਜ ਵਿੱਚ ਹਵਲਦਾਰ ਐਜੂਕੇਸ਼ਨ ਦੀ ਭਰਤੀ ਕਰਨ ਲਈ ਹੈਡਕੁਆਟਰ ਰਿਕਰੂਟਿੰਗ ਜ਼ੋਨ, ਜਲੰਧਰ ਕੈਂਟ ਵੱਲੋਂ ਪੰਜਾਬ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਉਮੀਦਵਾਰਾਂ ਕੋਲੋਂ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ । ਡਾਇਰੈਕਟਰ (ਭਰਤੀ) ਕਰਨਲ ਸੰਜੇ ਕਪੂਰ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਬਿਨੈ-ਪੱਤਰ ਪ੍ਰਾਪਤ ਹੋਣ ਦੀ ਅੰਤਿਮ ਤਾਰੀਖ 14 ਅਕਤੂਬਰ 2011 ਨਿਰਧਾਰਿਤ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਉਮਰ 1 ਨਵੰਬਰ 2011 ਨੂੰ 20 ਸਾਲ ਤੋਂ ਘੱਟ ਜਾਂ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ।
ਗਰੁੱਪ ‘ਐਕਸ’ ਲਈ ਤੈਅ ਵਿਦਿਅਕ ਯੋਗਤਾਵਾਂ ਅਨੁਸਾਰ ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਏ, ਬੀ.ਐਡ/ਬੀ.ਐਸ.ਸੀ, ਬੀ.ਐਡ/ਬੀ.ਸੀ.ਏ/ਬੀ.ਐਸ.ਸੀ (ਆਈ.ਟੀ), ਬੀ.ਐਡ/ਐਮ.ਏ/ਐਮ.ਐਸ.ਸੀ/ਐਮ.ਸੀ.ਏ ਕੀਤੀ ਹੋਵੇ । ਗਰੁੱਪ ‘ਵਾਈ’ ਵਾਲੇ ਉਮੀਦਵਾਰਾਂ ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਰਾਹੀਂ ਬੀ.ਏ/ਬੀ.ਐਸ.ਸੀ/ਬੀ.ਸੀ.ਏ/ਬੀ.ਐਸ.ਸੀ (ਆਈ.ਟੀ) ਦੀ ਸ਼ਰਤ ਨਿਰਧਾਰਿਤ ਕੀਤੀ ਗਈ ਹੈ । ਡਾਇਰੈਕਟਰ (ਭਰਤੀ) ਨੇ ਦੱਸਿਆ ਹੈ ਕਿ ਉਮੀਦਵਾਰ ਦਾ ਕੱਦ 162 ਸੈਂਟੀਮੀਟਰ ਅਤੇ ਵਜ਼ਨ 50 ਕਿਲੋ ਹੋਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਬਾਰੇ ਵਿਸਤ੍ਰਿਤ ਵੇਰਵਾ ਹੈਡਕੁਆਟਰ ਰਿਕਰੂਟਿੰਗ ਜ਼ੋਨ / ਆਰਮੀ ਰਿਕਰੂਟਮੈਂਟ ਅਫਸਰ ਤੋਂ ਲਿਆ ਜਾ ਸਕਦਾ ਹੈ ।
ਭਰਤੀ ਦੇ ਹੋਰ ਮਾਪਦੰਡਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਸਰੀਰਕ ਫਿਟਨਸ ਟੈਸਟ ਦੇਣਾ ਪਵੇਗਾ ਜਿਸ ਦੇ ਆਧਾਰ ‘ਤੇ 31 ਅਕਤੂਬਰ 2011 ਤੋਂ ਲੈ ਕੇ 5 ਨਵੰਬਰ 2011 ਤੱਕ ਉਮੀਦਵਾਰਾਂ ਦੀ ਮੁਢਲੀ ਸਕਰੀਨਿੰਗ ਅਤੇ ਮੈਡੀਕਲ ਪ੍ਰੀਖਿਆ ਲਈ ਜਾਵੇਗੀ । ਉਨ੍ਹਾਂ ਦੱਸਿਆ ਕਿ ਮੈਡੀਕਲ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ 27 ਨਵੰਬਰ ਨੂੰ ਹੋਵੇਗੀ । ਡਾਇਰੈਕਟਰ (ਭਰਤੀ) ਨੇ ਦੱਸਿਆ ਕਿ ਉਮੀਦਵਾਰ ਆਪਣੇ ਬਿਨੈ ਪੱਤਰ ਹੈਡਕੁਆਰਟਰ ਰਿਕਰੂਟਿੰਗ ਜ਼ੋਨ (ਪੰਜਾਬ ਅਤੇ ਜੰਮੂ-ਕਸ਼ਮੀਰ), ਜਲੰਧਰ ਕੈਂਟ-144005 ਦੇ ਪਤੇ ‘ਤੇ ਭੇਜ ਸਕਦੇ ਹਨ ।