October 7, 2011 admin

ਖਾਲਸਾ ਕਾਲਜ ਦਾ ਕਬੱਡੀ ਖਿਡਾਰੀ ਜੂਨੀਅਰ ਏਸ਼ੀਅਨ ਚੈਂਪੀਅਨ

ਅੰਮ੍ਰਿਤਸਰ – ਸਥਾਨਕ ਖਾਲਸਾ ਕਾਲਜ ਦੇ ਵਿਦਿਆਰਥੀ ਗੁਰਦਿਆਲ ਸਿੰਘ ਨੇ ਕਾਲਜ ਅਤੇ ਸੂਬੇ ਦਾ ਨਾਮ ਰੌਸ਼ਨ ਕਰਦਿਆਂ ਜੂਨੀਅਰ ਨੈਸ਼ਨਲ ਕਬੱਡੀ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਹੋਈ ਜੂਨੀਅਰ ਏਸ਼ੀਅਨ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਨਾਮਣਾ ਖੱਟਿਆ ਹੈ। ਇਹ ਹੋਣਹਾਰ ਵਿਦਿਆਰਥੀ ਬੀ.ਏ. ਭਾਗ ਪਹਿਲਾ ਦਾ ਵਿਦਿਆਰਥੀ ਹੈ ਅਤੇ ਇੱਕ ਧੜਾਕ ਰੇਡਰ ਅਤੇ ਆਪਣੀ ਟੀਮ ਵਿਚ ਅਵੱਲ ਦਰਜੇ ਦਾ ਖਿਡਾਰੀ ਹੈ।
ਖਾਲਸਾ ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਕਿਹਾ ਕਿ ਇਹ ਨਾ ਸਿਰਫ ਖਾਲਸਾ ਕਾਲਜ ਪਰ ਪੂਰੇ ਪੰਜਾਬ ਵਾਸਤੇ ਇੱਕ ਫਖਰ ਦੀ ਗੱਲ ਹੈ ਕਿ ਗੁਰਦਿਆਲ ਸਿੰਘ ਜੂਨੀਅਰ ਨੈਸ਼ਨਲ ਕਬੱਡੀ ਟੀਮ ਵਿੱਚ ਰਾਜ ਵਿੱਚੋਂ ਇਕੱਲਾ ਖਿਡਾਰੀ ਹੈ। ਉਨ੍ਹਾਂ ਨੇ ਗੁਰਦਿਆਲ ਸਿੰਘ ਨੂੰ ਅਤੇ ਉਸ ਦੇ ਕੋਚ ਸ਼ਮਸ਼ੇਰ ਸਿੰਘ ਅਤੇ ਸਪੋਰਟਸ ਵਿਭਾਗ ਦੇ ਇੰਚਾਰਜ, ਬਚਨਪਾਲ ਸਿੰਘ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਉਨ੍ਹਾਂ ਦਾ ਇਹ ਵਿਦਿਆਰਥੀ ਖੇਡ ਦੇ ਮੈਦਾਨ ਵਿੱਚ ਕੌਮੀ ਲੈਵਲ ਤਕ ਮਾਰਕਾ ਮਾਰ ਰਿਹਾ ਹੈ।
ਗੁਰਦਿਆਲ ਨੂੰ ਅੱਜ ਸਨਮਾਨਤ ਕਰਨ ਵੇਲੇ ਕਬੱਡੀ ਦੇ ਅਰਜੁਨਾ ਅਵਾਰਡੀ ਹਰਦੀਪ ਸਿੰਘ ਵੀ ਮੌਜੂਦ ਸਨ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਉਨ੍ਹਾਂ ਦੀ ਇਹ ਭਰਪੂਰ ਕੋਸ਼ਿਸ਼ ਹੈ ਕਿ ਉਨ੍ਹਾਂ ਦਾ ਕਾਲਜ ਨਾ ਸਿਰਫ ਵਿਦਿਅਕ ਖੇਤਰ ਵਿਚ ਇਕ ਮੋਹਰੀ ਅਦਾਰਾ ਹੋਵੇ ਪਰ ਕਾਲਜ ਦੀ ਪ੍ਰੰਪਰਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਵਿਦਿਆਰਥੀ ਖੇਡ ਦੇ ਖੇਤਰ ਵਿਚ ਵੀ ਸੂਬੇ ਅਤੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰਨ।

Translate »