October 7, 2011 admin

ਜ਼ਿਲ੍ਹੇ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 23247 ਟਨ ਝੋਨੇ ਦੀ ਖਰੀਦ ਕੀਤੀ ਗਈ:-ਡਿਪਟੀ ਕਮਿਸ਼ਨਰ

ਫਤਹਿਗੜ੍ਹ ਸਾਹਿਬ – ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 6 ਅਕਤੂਬਰ ਤੱਕ ਵੱਖ ਵੱਖ ਖਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ 23247 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ  ਜਿਸ ਵਿੱਚੋਂ ਪਨਗਰੇਨ ਨੇ 5950 ਟਨ, ਮਾਰਕਫੈਡ ਨੇ 3354, ਪਨਸਪ ਨੇ 7964, ਵੇਅਰ ਹਾਊਸ ਨੇ 2440, ਪੰਜਾਬ ਐਗਰੋ ਨੇ 3054 ਅਤੇ ਵਪਾਰੀਆਂ ਨੇ 450 ਟਨ ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸ ਦਿਨ ਤੱਕ ਸਿਰਫ 17440 ਟਨ  ਝੋਨੇ ਦੀ ਹੀ ਖਰੀਦ ਕੀਤੀ ਗਈ ਸੀ।  ਸ੍ਰੀ ਮਹਾਜਨ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਸਖਤ ਹਦਾਇਤ ਕੀਤੀ ਕਿ ਖਰੀਦੇ ਗਏ ਝੋਨੇ ਦੀ ਮੰਡੀਆਂ ਵਿੱਚੋਂ 72 ਘੰਟਿਆਂ ਦੇ ਅੰਦਰ ਅੰਦਰ ਚੁਕਾਈ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਢੇਰੀ ਕਰਨ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਖਰੀਦੇ ਗਏ ਝੋਨੇ ਦੀ ਨਾਲੋ ਨਾਲ ਅਦਾਇਗੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਪਕਾ ਕੇ ਅਤੇ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਝੋਨਾ ਵੇਚਣ ਵਿੱਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਝੋਨੇ ਦੀ ਪੂਰੀ ਕੀਮਤ ਮਿਲ ਸਕੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਰਾਤ ਸਮੇਂ ਕੰਬਾਈਨ ਨਾਲ ਝੋਨੇ ਦੀ ਵਢਾਈ ਨਾ ਕਰਵਾਉਣ ਕਿਉਂਕਿ ਅਜਿਹਾ ਕਰਨ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ।

Translate »