*ਪੁਲ ਬਣਨ ਨਾਲ ਇਲਾਕੇ ਦਾ ਹੋਵੇਗਾ ਬਹੁ-ਪੱਖੀ ਵਿਕਾਸ ਅਤੇ ਸਨਅਤ ਨੂੰ ਮਿਲੇਗਾ ਬੜ੍ਹਾਵਾ
*ਇਲਾਕੇ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਅਤੇ ਲੋਕ ਹੋਏ ਖੁਸ਼ੀ ਵਿੱਚ ਖੀਵੇ
ਸ਼ਰਨਜੀਤ ਸਿੰਘ ਢਿੱਲੋਂ
ਲੁਧਿਆਣਾ – ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਨਿਗਮ ਦੇ ਸਿਰਤੋੜ ਯਤਨਾਂ ਸਦਕਾ ਮੱਤੇਵਾੜਾ ਵਿਖੇ ਲੁਧਿਆਣਾ-ਰਾਹੋਂ ਸੜਕ ਤੇ ਪੈਂਦੇ ਸਤਲੁਂਜ ਦਰਿਆ ਦੇ ਪੁਲ ਦਾ ਨੀਂਹ ਪੱਥਰ ਸ੍ਰ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ 11 ਅਕਤੂਬਰ ਨੂੰ ਰੱਖਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਹਲਕਾ ਸਾਹਨੇਵਾਲ ਦੇ ਲੋਕਾਂ ਦੀ ਕਈ ਦਹਾਕਿਆਂ ਤੋਂ ਲਟਕਦੀ ਮੰਗ ਪੂਰੀ ਹੋ ਜਾਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਜਿਸ ਕਾਰਣ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਹਨਾਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਨਵਾਂ ਸ਼ਹਿਰ ਤੇ ਰਾਹੋਂ ਦੀ ਦੂਰੀ ਲਗਭੱਗ 25 ਕਿਲੋਮੀਟਰ ਘੱਟ ਜਾਵੇਗੀ, ਜਿਸ ਨਾਲ ਜਿੱਥੇ ਲੋਕਾਂ ਦਾ ਕੀਮਤੀ ਸਮਾਂ ਬਚੇਗਾ ਉੱਥੇ ਇਸ ਪਛੜੇ ਇਲਾਕੇ ਦਾ ਬਹੁ-ਪੱਖੀ ਵਿਕਾਸ ਹੋਵੇਗਾ ਅਤੇ ਸਨਅਤ ਨੂੰ ਵੀ ਬੜ੍ਹਾਵਾ ਮਿਲੇਗਾ।
ਸ੍ਰ. ਢਿੱਲੋਂ ਨੇ ਅੱਗੇ ਦੱਸਿਆ ਕਿ ਇਸ ਪੁਲ ਨੂੰ ਬਨਾਉਣ ਤੇ ਕੁੱਲ 70 ਕਰੋੜ ਰੁਪਏ ਖਰਚ ਆਉਣਗੇ। ਉਹਨਾਂ ਦੱਸਿਆ ਕਿ ਪੁਲ ਦੀ ਲੰਬਾਈ 717 ਮੀਟਰ ਹੋਵੇਗੀ ਅਤੇ ਇਸਦੇ ਲਗਭੱਗ 38 ਮੀਟਰ ਲੰਬੇ 19 ਸਪੈਨ ਹੋਣਗੇ। ਉਹਨਾਂ ਦੱਸਿਆ ਕਿ ਇਸ ਪੁਲ ਦੀ ਕੁੱਲ ਚੌੜਾਈ 14.80 ਮੀਟਰ ਸਮੇਤ ਦੋਵੇਂ ਪਾਸੇ ਦੀਆਂ ਪਟੜੀਆਂ ਦੇ ਹੋਵੇਗੀ ਅਤੇ ਪੁਲ ਦੇ ਦੋਵੇਂ ਪਾਸੇ 1783 ਮੀਟਰ ਲੰਮੀਆਂ ਅਪਰੋਚਾਂ ਬਣਾਈਆਂ ਜਾਣਗੀਆਂ ਂਜੋ ਕਿ 930 ਮੀਟਰ ਲੁਧਿਆਣਾ ਵਾਲੇ ਪਾਸੇ ਅਤੇ 853 ਮੀਟਰ ਰਾਹੋਂ ਵਾਲੇ ਪਾਸੇ ਬਣਨਗੀਆਂ। ਇਹ ਪੁਲ 18 ਮਹੀਨੇ ਦੇ ਅਰਸੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ।
ਸ੍ਰ. ਢਿੱਲੋਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਇਸ ਪੁਲ ਨੂੰ ਬਨਾਉਣ ਦੀ ਚਿਰੋਕਣੀ ਮੰਗ ਵੱਲ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ, ਪਰੰਤੂ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਨਿੱਜੀ ਦਿਲਚਸਪੀ ਲੈ ਕੇ ਇਸ ਪੁਲ ਦੇ ਨਿਰਮਾਣ ਦੀ ਮਨਜ਼ੂਰੀ ਨੂੰ ਨੇਪਰੇ ਚਾੜ੍ਹਿਆ।