* ਜ਼ਿਲ੍ਹੇ ਵਿੱਚ 6 ਕਰੋੜ 21 ਲੱਖ ਦੀ ਲਾਗਤ ਨਾਲ 54 ਨਵੇਂ ਆਰ.ਓ ਪਲਾਂਟ ਲੱਗਣਗੇ
ਪਟਿਆਲਾ – ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਨਗਰ ਨਿਗਮ ਪਟਿਆਲਾ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਚੰਗੀਆਂ ਸੀਵਰੇਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਫੌਰੀ ਤੌਰ ‘ਤੇ ਸੀਵਰੇਜ ਬੋਰਡ ਨੂੰ 5 ਕਰੋੜ ਰੁਪਏ ਦੀ ਹੋਰ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਉਨ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਕਿ ਸੀਵਰੇਜ ਪ੍ਰੋਜੈਕਟ ਨੂੰ ਹਰ ਹਾਲਤ ਵਿੱਚ ਦਸੰਬਰ ਤੱਕ ਮੁਕੰਮਲ ਕੀਤਾ ਜਾਵੇ । ਅੱਜ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਰੱਖੜਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਹੋਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਅਨੁਸਾਰ ਨੇਪਰੇ ਚੜ੍ਹਾਉਣ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ ਪਿੰਡਾਂ ਵਿੱਚ ਪਾਣੀ ਪੀਣ ਯੋਗ ਨਹੀਂ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਕਰੀਬ 6 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ 54 ਨਵੇਂ ਆਰ.ਓ ਪਲਾਂਟ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਗੰਦਾ ਪਾਣੀ ਪੀਣ ਨਾਲ ਲੱਗਣ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਈ ਜਾ ਸਕੇ ।
ਸ. ਰੱਖੜਾ ਨੇ ਦੱਸਿਆ ਕਿ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਪਿੰਡਾਂ ਦੇ ਸਰਵ ਪੱਖੀ ਵਿਕਾਸ ਦੀ ਲੜੀ ਤਹਿਤ 1 ਕਰੋੜ 62 ਹਜ਼ਾਰ ਰੁਪਏ ਹੋਰ ਖਰਚ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਪਿੰਡਾਂ ਵਿੱਚ ਧਰਮਸ਼ਾਲਾ, ਸ਼ਮਸ਼ਾਨਘਾਟ ਦੇ ਸ਼ੈਡ/ਚਾਰਦੀਵਾਰੀ, ਸਟੇਡੀਅਮ, ਸੜਕਾਂ, ਗੰਦੇ ਪਾਣੀ ਦੀ ਨਿਕਾਸੀ ਸਮੇਤ ਹੋਰ ਵਿਕਾਸ ਕਾਰਜ ਕੀਤੇ ਜਾਣਗੇ । ਸ. ਰੱਖੜਾ ਨੇ ਮੀਟਿੰਗ ਵਿੱਚ ਹਾਜ਼ਰ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ, ਕਾਰਜਸਾਧਕ ਅਫਸਰਾਂ, ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਵਿਭਾਗਾਂ ਕੋਲ ਵਿਕਾਸ ਕਾਰਜਾਂ ਲਈ ਫੰਡ ਬਕਾਇਆ ਪਏ ਹਨ ਉਨ੍ਹਾਂ ਫੰਡਾਂ ਦੀ ਤੁਰੰਤ ਯੋਗ ਵਰਤੋਂ ਕੀਤੀ ਜਾਵੇ ਅਤੇ ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਭੇਜੇ ਜਾਣ । ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਂਦੇ ਹੋਏ 30 ਨਵੰਬਰ ਤੱਕ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਅਤੇ ਜਿਹੜੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਅਤੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ ਵੱਲੋਂ ਮਿੱਥੇ ਟੀਚੇ ਤੋਂ ਘੱਟ ਵਿਕਾਸ ਕੀਤਾ ਗਿਆ ਹੈ ਉਸ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਚੱਲ ਰਹੇ ਵਿਕਾਸ ਕੰਮ ਨਿਰਧਾਰਿਤ ਸਮੇਂ ਵਿੱਚ ਨੇਪਰੇ ਚੜ੍ਹਾਏ ਜਾਣ ਅਤੇ ਅਣਗਹਿਲੀ ਦਿਖਾਉਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਸ਼੍ਰੀ ਗਰਗ ਨੇ ਕਿਹਾ ਕਿ ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦੀ ਸਹੂਲਤ ਲਈ ਪਖਾਨੇ ਬਣਾਉਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਕਰੀਬ ਇੱਕ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸਾਲ 2011-12 ਦੌਰਾਨ ਜ਼ਿਲ੍ਹੇ ਦੇ 69 ਪ੍ਰਾਇਮਰੀ ਅਤੇ 34 ਅੱਪਰ-ਪ੍ਰਾਇਮਰੀ ਸਕੂਲਾਂ ਵਿੱਚ ਕਮਰੇ ਬਣਾਉਣ ਅਤੇ 8 ਸਕੂਲਾਂ ਦੀ ਮੁਰੰਮਤ ਕਰਵਾਉਣ ‘ਤੇ ਕਰੀਬ 4 ਕਰੋੜ 64 ਲੱਖ ਰੁਪਏ ਖਰਚ ਕੀਤੇ ਜਾਣਗੇ । ਸ਼੍ਰੀ ਗਰਗ ਨੇ ਦੱਸਿਆ ਕਿ ਮਿਡ ਡੇਅ ਮੀਲ ਸਕੀਮ ਅਧੀਨ ਜ਼ਿਲ੍ਹੇ ਦੇ 740 ਪ੍ਰਾਇਮਰੀ ਅਤੇ 325 ਅੱਪਰ-ਪ੍ਰਾਇਮਰੀ ਸਕੂਲਾਂ ਵਿੱਚ 60 ਹਜ਼ਾਰ ਰੁਪਏ ਪ੍ਰਤੀ ਸਕੂਲ ਕਿਚਨ ਸ਼ੈਡਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ 399 ਪ੍ਰਾਇਮਰੀ ਸਕੂਲਾਂ ਅਤੇ 296 ਅੱਪਰ-ਪ੍ਰਾਇਮਰੀ ਸਕੂਲਾਂ ਵਿੱਚ ਕਿਚਨ ਸ਼ੈੱਡ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ । ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ ਨੇ ਦੱਸਿਆ ਕਿ ਇਸ ਸਾਲ ਮਨਰੇਗਾ ਸਕੀਮ ਅਧੀਨ 8 ਕਰੋੜ ਰੁਪਏ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ ਕਰੀਬ 60 ਪ੍ਰਤੀਸ਼ਤ ਖਰਚ ਹੋ ਚੁੱਕੇ ਹਨ । ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਤੇ ਮੈਂਬਰਾਂ ਨੂੰ ਕਿਹਾ ਕਿ ਮਨਰੇਗਾ ਸਕੀਮ ਅਧੀਨ ਚੱਲ ਰਹੇ ਕੰਮਾਂ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਸਮੇਂ ਸਿਰ ਪੂਰਾ ਕੀਤਾ ਜਾਵੇ ਤਾਂ ਜੋ ਇਸ ਸਕੀਮ ਅਧੀਨ ਹੋਰ ਫੰਡਾਂ ਲਈ ਸਰਕਾਰ ਨੂੰ ਪਹੁੰਚ ਕੀਤੀ ਜਾ ਸਕੇ ।
ਮੀਟਿੰਗ ਦੌਰਾਨ ਇੱਕ ਮੈਂਬਰ ਵੱਲੋਂ ਘਨੌਰ ਵਿੱਚ ਸੀਵਰੇਜ ਵਿਛਾਉਣ ਦੇ ਕੰਮ ਵਿੱਚ ਢਿੱਲ ਮੱਠ ਦਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ‘ਤੇ ਡਿਪਟੀ ਕਮਿਸ਼ਨਰ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਹ ਕੰਮ ਤੁਰੰਤ ਸ਼ੁਰੂ ਕਰਵਾਉਣ ਦੀ ਹਦਾਇਤ ਕੀਤੀ ਜਿਸ ‘ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਇਸ ਕੰਮ ਲਈ ਟੈਂਡਰ ਸੱਦਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸੀਵਰੇਜ ਦਾ ਇਹ ਕੰਮ ਦੋ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਹੋ ਜਾਵੇਗਾ । ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ, ਮੇਅਰ ਸ਼੍ਰੀ ਅਜੀਤਪਾਲ ਸਿੰਘ ਕੋਹਲੀ, ਸੀਨੀਅਰ ਡਿਪਟੀ ਮੇਅਰ ਸ਼੍ਰੀ ਅਨਿਲ ਬਜਾਜ, ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ, ਐਸ.ਡੀ.ਐਮ ਪਟਿਆਲਾ ਸ਼੍ਰੀ ਅਨਿਲ ਗਰਗ, ਐਸ.ਡੀ.ਐਮ ਸਮਾਣਾ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਡੀ.ਡੀ.ਪੀ.ਓ ਸ਼੍ਰੀ ਬਲਜੀਤ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਕੁਲਦੀਪ ਕੌਰ, ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਗੁਰਭਜਨ ਸਿੰਘ ਔਲਖ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼੍ਰੀ ਵਿਪਨ ਬਾਂਸਲ, ਕਾਰਜਕਾਰੀ ਇੰਜੀ: ਜਨ ਸਿਹਤ ਵਿਭਾਗ ਸ਼੍ਰੀ ਆਰ.ਕੇ. ਸ਼ਰਮਾ, ਕਾਰਜਕਾਰੀ ਇੰਜੀ: ਸੀਵਰੇਜ ਬੋਰਡ ਸ਼੍ਰੀ ਬੀ.ਐਲ. ਰੰਗਾ, ਜ਼ਿਲ੍ਹਾ ਭਲਾਈ ਅਫਸਰ ਸ਼੍ਰੀ ਪਰਮਿੰਦਰ ਸਿੰਘ, ਡੀ.ਈ.ਓ ਪ੍ਰਾਇਮਰੀ ਸ਼੍ਰੀਮਤੀ ਬਲਬੀਰ ਕੌਰ ਗਿੱਲ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਹਰਿੰਦਰ ਕੌਰ, ਯੋਜਨਾ ਕਮੇਟੀ ਮੈਂਬਰ ਸ਼੍ਰੀਮਤੀ ਸੀਮਾ ਸ਼ਰਮਾ, ਸ਼੍ਰੀ ਫੌਜਇੰਦਰ ਸਿੰਘ ਮੁਖਮੇਲਪੁਰ, ਸ਼੍ਰੀ ਅਮਰਜੀਤ ਸਿੰਘ ਬਾਠਲਾ, ਸ੍ਰੀ ਗੁਰਬਖਸ਼ ਸਿੰਘ ਸਿਵੀਆ, ਸ਼੍ਰੀ ਬਲਵੰਤ ਸਿੰਘ ਰਾਮਗੜ੍ਹ, ਸ਼੍ਰੀ ਗੁਰਬਖਸ਼ ਸਿੰਘ ਹਰੀਕਾ, ਸ਼੍ਰੀ ਸੰਤੋਖ ਸਿੰਘ, ਸ਼੍ਰੀ ਸੁਰਮੁਖ ਸਿੰਘ ਦੌਣਖੁਰਦ ਤੋਂ ਇਲਾਵਾ ਸ਼੍ਰੀ ਜਸਮੇਰ ਸਿੰਘ ਲਾਛੜੂ, ਸ਼੍ਰੀ ਰਵੀ ਆਹਲੂਵਾਲੀਆ, ਸ਼੍ਰੀ ਜਸਵਿੰਦਰ ਸਿੰਘ ਚੀਮਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।